[gtranslate]

‘ਤੁਸੀਂ ਸਾਰੀਆਂ ਸਟੇਟਾਂ ‘ਚ ਠੇਕੇ ਬੰਦ ਕਰੋ, ਮੈਂ ਸ਼ਰਾਬ ਵਾਲੇ ਗਾਣੇ ਗਾਉਣੇ ਬੰਦ ਕਰ ਦਿਆਂਗਾ’, ਦਲਜੀਤ ਦੋਸਾਂਝ ਦਾ ਸਰਕਾਰਾਂ ਨੂੰ ਓਪਨ ਚੈਲੰਜ

ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਉਹ ਦੇਸ਼ ਤੇ ਵਿਦੇਸ਼ਾਂ ‘ਚ ਕੰਸਰਟ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਇਸ ਵਾਰ ਦਲਜੀਤ ਭਾਰਤ ‘ਚ ਕੰਸਰਟ ਕਰ ਰਹੇ ਹਨ, ਜਿਸ ਦਾ ਨਾਂ ਹੈ ‘ਦਿਲ ਲੁਮਿਨਾਟੀ’। ਦਲਜੀਤ ਕਈ ਸਟੇਟਾਂ ਵਿਚ ਜਾ ਕੇ ਪਰਫਾਰਮ ਕਰ ਰਹੇ ਹਨ। ਦਲਜੀਤ ਦਾ 15 ਨਵੰਬਰ ਨੂੰ ਹੈਦਰਾਬਾਦ ‘ਚ ਕੰਸਰਟ ਸੀ। ਇਸ ਸਬੰਧੀ ਤੇਲੰਗਾਨਾ ਸਰਕਾਰ ਵੱਲੋਂ ਸਮਾਗਮ ਦੇ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ ਗਿਆ ਸੀ। ਜੀ ਹਾਂ…ਤੇਲੰਗਾਨਾ ਸਰਕਾਰ ਨੇ ਦਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕਰਕੇ ਕਿਹਾ ਸੀ ਕਿ ਉਹ ਆਪਣੇ ਸ਼ੋਅ ਵਿੱਚ ਸ਼ਰਾਬ, ਹਿੰਸਾ ਅਤੇ ਨਸ਼ਿਆਂ ਵਾਲੇ ਗੀਤ ਨਾ ਗਾਉਣ। ਨੋਟਿਸ ਵਿੱਚ ‘ਪੰਜ ਤਾਰਾ’ ਅਤੇ ‘ਪਟਿਆਲਾ ਪੈੱਗ’ ਵਰਗੇ ਗੀਤਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ। ਹੁਣ ਇਸ ਸੰਬੰਧੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸਰਕਾਰ ‘ਤੇ ਤੰਜ ਕਸਦੇ ਨਜ਼ਰ ਆ ਰਹੇ ਹਨ।

ਗਾਇਕ ਦਿਲਜੀਤ ਨੇ ਕੰਸਰਟ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਕਿਹਾ, “ਅੱਜ ਇੱਕ ਚੰਗੀ ਖ਼ਬਰ ਹੈ ਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ।” ਇਹ ਸੁਣ ਕੇ ਪ੍ਰਸ਼ੰਸਕ ਰੌਲਾ ਪਾਉਣ ਲੱਗੇ। ਫਿਰ ਦਿਲਜੀਤ ਕਹਿੰਦੇ ਹਨ ਕਿ ਇਸ ਤੋਂ ਵੀ ਚੰਗੀ ਖ਼ਬਰ ਇੱਕ ਹੋਰ ਹੈ, ਉਹ ਇਹ ਹੈ ਕਿ ਮੈਂ ਅੱਜ ਵੀ ਸ਼ਰਾਬ ‘ਤੇ ਕੋਈ ਗੀਤ ਨਹੀਂ ਗਾਵਾਂਗਾ। ਪੁੱਛੋ ਮੈਂ ਕਿਉਂ ਨਹੀਂ ਗਾਵਾਂਗਾ?” ਫਿਰ ਗਾਇਕ ਨੇ ਅੱਗੇ ਕਿਹਾ, “ਮੈਂ ਨਹੀਂ ਗਾਵਾਂਗਾ ਕਿਉਂਕਿ ਗੁਜਰਾਤ ਇੱਕ ਡ੍ਰਾਈ ਸੂਬਾ ਹੈ। ਮੈਂ ਦਰਜਨਾਂ ਤੋਂ ਵੱਧ ਭਗਤੀ ਉਤੇ ਗੀਤ ਗਾਏ ਹਨ। ਪਿਛਲੇ 10 ਦਿਨਾਂ ਵਿੱਚ ਮੈਂ ਦੋ ਭਗਤੀ ਉਤੇ ਗੀਤ ਰਿਲੀਜ਼ ਕੀਤੇ ਹਨ। ਇੱਕ ਸ਼ਿਵ ਬਾਬਾ ਅਤੇ ਇੱਕ ਗੁਰੂ ਨਾਨਕ ਬਾਬਾ ਜੀ ਬਾਰੇ। ਪਰ ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਹਰ ਕੋਈ ‘ਪਟਿਆਲਾ ਪੈੱਗ’ ਬਾਰੇ ਗੱਲ ਕਰ ਰਿਹਾ ਹੈ।”

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ, “ਇੱਕ ਐਂਕਰ ਸਾਹਿਬ ਟੀਵੀ ਉਤੇ ਬੋਲ ਰਹੇ ਸਨ ਕਿ ਜੇਕਰ ਕੋਈ ਐਕਟਰ ਅਲੱਗ ਤੋਂ ਇਸ ਤਰ੍ਹਾਂ ਬੋਲੇ ਤਾਂ ਤੁਸੀਂ ਉਸਨੂੰ ਬਦਨਾਮ ਕਰ ਦਿੰਦੇ ਹੋ ਜਦੋਂ ਇੱਕ ਗਾਇਕ ਨੂੰ ਤੁਸੀਂ ਮਸ਼ਹੂਰ ਕਰ ਰਹੇ ਹੋ ਸ਼ਰਾਬ ਦਾ ਗੀਤ ਗਾਉਣ ਲਈ। ਬਾਈ…ਮੈਂ ਅਲੱਗ ਤੋਂ ਆ ਕੇ ਕਿਸੇ ਨੂੰ ਨਹੀਂ ਬੋਲਦਾ ਕਿ ਤੁਸੀਂ ਪਟਿਆਲਾ ਪੈੱਗ ਲਾਇਆ ਹੈ ਜਾਂ ਨਹੀਂ…ਮੈਂ ਸਿਰਫ਼ ਗਾਣਾ ਗਾ ਰਿਹਾ ਹਾਂ ਅਤੇ ਬਾਲੀਵੁੱਡ ਵਿੱਚ ਦਰਜਨਾਂ ਵਿੱਚ ਗਾਣੇ ਹਨ, ਜੋ ਕਿ ਸ਼ਰਾਬ ਉਤੇ ਹਨ, ਮੇਰੇ ਦੋ ਗੀਤ ਹਨ ਸ਼ਰਾਬ ਉਤੇ ਜਿਆਦਾ ਤੋਂ ਜਿਆਦਾ 4।”

ਗਾਇਕ ਨੇ ਅੱਗੇ ਕਿਹਾ, “ਮੈਂ ਉਹ ਵੀ ਨਹੀਂ ਗਾਵਾਂਗਾ। ਅੱਜ ਵੀ ਮੈਂ ਉਹ ਗੀਤ ਨਹੀਂ ਗਾਵਾਂਗਾ, ਕੋਈ ਟੈਨਸ਼ਨ ਨਹੀਂ। ਇਹ ਮੇਰੇ ਲਈ ਬਹੁਤ ਆਸਾਨ ਹੈ, ਕਿਉਂਕਿ ਮੈਂ ਖੁਦ ਸ਼ਰਾਬ ਨਹੀਂ ਪੀਂਦਾ। ਪਰ ਬਾਲੀਵੁੱਡ ਸਿਤਾਰੇ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ, ਦਲਜੀਤ ਮਸ਼ਹੂਰੀ ਨਹੀਂ ਕਰਦਾ। ਮੈਨੂੰ ਛੇੜੋ ਨਾ। ਮੈਂ ਜਿੱਥੇ ਵੀ ਜਾਂਦਾ ਹਾਂ, ਚੁੱਪ ਕਰਕੇ ਆਪਣਾ ਪ੍ਰੋਗਰਾਮ ਕਰਦਾ ਹਾਂ ਅਤੇ ਚੁੱਪ ਕਰਕੇ ਚੱਲਾ ਜਾਂਦਾ ਹਾਂ। ਤੁਸੀਂ ਕਿਉਂ ਮੈਨੂੰ ਛੇੜਦੇ ਹੋ? ਚੱਲੋ ਇੱਕ ਅੰਦੋਲਨ ਸ਼ੁਰੂ ਕਰਦੇ ਹਾਂ, ਜੇਕਰ ਅਸੀਂ ਸਾਰੇ ਰਾਜ ਆਪਣੇ ਆਪ ਨੂੰ ਡਰਾਈ ਸਟੇਟ ਘੋਸ਼ਿਤ ਕਰ ਦਿੰਦੇ ਹੈ ਤਾਂ ਅਗਲੇ ਹੀ ਦਿਨ ਦਲਜੀਤ ਆਪਣੀ ਜ਼ਿੰਦਗੀ ਵਿੱਚ ਸ਼ਰਾਬ ‘ਤੇ ਕੋਈ ਗੀਤ ਨਹੀਂ ਗਾਏਗਾ। ਮੈਂ ਵਾਅਦਾ ਕਰਦਾ ਹਾਂ, ਕੀ ਇਹ ਹੋ ਸਕਦਾ ਹੈ?”

ਇਸ ਤੋਂ ਬਾਅਦ ਗਾਇਕ ਨੇ ਅੱਗੇ ਕਿਹਾ, “ਕੋਰੋਨਾ ਵਿੱਚ ਸਭ ਕੁਝ ਬੰਦ ਹੋ ਗਿਆ ਸੀ ਪਰ ਠੇਕੇ ਬੰਦ ਨਹੀਂ ਹੋਏ ਸਨ ਜਨਾਬ। ਤੁਸੀਂ ਕੀ ਗੱਲ ਕਰ ਰਹੇ ਹੋ? ਤੁਸੀਂ ਨੌਜਵਾਨਾਂ ਨੂੰ ‘ਮੂਰਖ’ ਨਹੀਂ ਬਣਾ ਸਕਦੇ। ਚੱਲੋ, ਮੈਂ ਤੁਹਾਨੂੰ ਇੱਕ ਹੋਰ ਵਧੀਆ ਮੌਕਾ ਦਿੰਦਾ ਹਾਂ। ਮੇਰੇ ਜਿੱਥੇ-ਜਿੱਥੇ ਵੀ ਸ਼ੋਅ ਹਨ, ਉੱਥੇ ਤੁਸੀਂ ਇੱਕ ਦਿਨ ਲਈ ਉਸ ਸ਼ਹਿਰ ਨੂੰ ਡਰਾਈ ਘੋਸ਼ਿਤ ਕਰੋ, ਮੈਂ ਸ਼ਰਾਬ ‘ਤੇ ਨਹੀਂ ਗਾਵਾਂਗਾ, ਗਾਣਿਆਂ ਦੇ ਬੋਲ ਬਦਲਣੇ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ ਹੈ, ਮੈਂ ਕੋਈ ਨਵਾਂ ਕਲਾਕਾਰ ਨਹੀਂ ਹਾਂ ਕਿ ਤੁਸੀਂ ਮੈਨੂੰ ਕਹੋਗੇ ਕਿ ਮੈਂ ਇਹ ਨਹੀਂ ਗਾ ਸਕਦਾ, ਉਹ ਨਹੀਂ ਗਾ ਸਕਦਾ ਅਤੇ ਮੈਂ ਅੱਗੋ ਬੋਲੂਗਾ ਅਰੇ ਮੈਂ ਕੀ ਕਰੂਗਾ। ਉਹ ਭਾਈ ਮੈਂ ਗੀਤ ਨੂੰ ਬਦਲ ਦੇਵਾਂਗਾ ਅਤੇ ਗੀਤ ਸੁਣ ਕੇ ਤੁਹਾਨੂੰ ਉਸੇ ਤਰ੍ਹਾਂ ਹੀ ਮਜ਼ਾ ਆਵੇਗਾ।”

ਵੀਡੀਓ ਦੇ ਅੰਤ ਵਿੱਚ ਬੋਲਦੇ ਹੋਏ ਗਾਇਕ ਨੇ ਕਿਹਾ, “ਮੈਨੂੰ ਨਹੀਂ ਪਤਾ, ਤੁਸੀਂ ਲੋਕ ਕਹਿ ਰਹੇ ਹੋਵੋਗੇ ਕਿ ਗੁਜਰਾਤ ਇੱਕ ਡਰਾਈ ਰਾਜ ਹੈ। ਜੇਕਰ ਅਜਿਹਾ ਹੈ ਤਾਂ ਮੈਂ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਬਣ ਗਿਆ ਹਾਂ। ਮੈਂ ਖੁੱਲ੍ਹ ਕੇ ਗੁਜਰਾਤ ਸਰਕਾਰ ਦਾ ਸਮਰਥਨ ਕਰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਵੀ ਡਰਾਈ ਸ਼ਹਿਰ ਬਣੇ। ਮੈਂ ਸ਼ਰਾਬ ‘ਤੇ ਗਾਣਾ ਬੰਦ ਕਰ ਦੇਵਾਂਗਾ, ਜੇਕਰ ਤੁਸੀਂ ਦੇਸ਼ ਵਿੱਚ ਸ਼ਰਾਬ ਦੇ ਠੇਕੇ ਬੰਦ ਕਰ ਦਿੰਦੇ ਹੋ। ਇਹ ਮੇਰੇ ਲਈ ਬਹੁਤ ਆਸਾਨ ਹੈ।”

Likes:
0 0
Views:
135
Article Categories:
Entertainment

Leave a Reply

Your email address will not be published. Required fields are marked *