ਬੁੱਧਵਾਰ ਨੂੰ IPL 2023 ਦੇ 8ਵੇਂ ਮੈਚ ‘ਚ ਪੰਜਾਬ ਕਿੰਗਜ਼ ਨੇ ਰਾਜਸਥਾਨ ਨੂੰ 5 ਦੌੜਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 197 ਦੌੜਾਂ ਬਣਾਈਆਂ ਸਨ, ਜਵਾਬ ‘ਚ ਰਾਜਸਥਾਨ ਦੀ ਟੀਮ 192 ਦੌੜਾਂ ਹੀ ਬਣਾ ਸਕੀ। ਉਂਝ ਰਾਜਸਥਾਨ ਦੀ ਟੀਮ ਨੇ ਇਸ ਮੈਚ ‘ਚ ਹਾਰ ਦੇ ਬਾਵਜੂਦ ਵੱਡੀ ਜਿੱਤ ਹਾਸਿਲ ਕੀਤੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਵੇਂ? ਦਰਅਸਲ ਗੁਹਾਟੀ ‘ਚ ਖੇਡੇ ਗਏ ਮੈਚ ‘ਚ ਰਾਜਸਥਾਨ ਰਾਇਲਸ ਨੂੰ ਨਵਾਂ ਸਟਾਰ ਮਿਲ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਧਰੁਵ ਜੁਰੇਲ ਦੀ, ਜਿਸ ਨੇ ਆਪਣੇ ਬੱਲੇ ਦੀ ਮਦਦ ਨਾਲ ਰਾਜਸਥਾਨ ਦਾ ਬੇੜਾ ਲਗਭਗ ਪਾਰ ਲਗਾ ਹੀ ਦਿੱਤਾ ਸੀ।
ਧਰੁਵ ਜੁਰੇਲ ਨੇ ਪੰਜਾਬ ਕਿੰਗਜ਼ ਖਿਲਾਫ 15 ਗੇਂਦਾਂ ‘ਚ ਨਾਬਾਦ 32 ਦੌੜਾਂ ਬਣਾਈਆਂ ਸਨ। 7ਵੀਂ ਵਿਕਟ ਲਈ ਉਸ ਨੇ ਸ਼ਿਮਰੋਨ ਹੇਟਮਾਇਰ ਨਾਲ 26 ਗੇਂਦਾਂ ‘ਚ 61 ਦੌੜਾਂ ਜੋੜੀਆਂ ਸਨ। ਧਰੁਵ ਜੁਰੇਲ ਨੇ ਆਪਣੀ ਪਾਰੀ ਅਤੇ ਸਾਂਝੇਦਾਰੀ ਨਾਲ ਪੰਜਾਬ ਦੀ ਹਾਰ ਲਗਭਗ ਤੈਅ ਕਰ ਦਿੱਤੀ ਸੀ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ। ਧਰੁਵ ਜੁਰੇਲ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪਰ ਇਸ ਖਿਡਾਰੀ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਦਾ ਦਿਲ ਜ਼ਰੂਰ ਜਿੱਤ ਲਿਆ।
ਕੌਣ ਹੈ ਧਰੁਵ ਜੁਰੇਲ?
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ 22 ਸਾਲ ਦਾ ਨੌਜਵਾਨ ਖਿਡਾਰੀ ਕੌਣ ਹੈ? ਧਰੁਵ ਜੁਰੇਲ ਯੂਪੀ ਦਾ ਇੱਕ ਫਸਟ ਕਲਾਸ ਕ੍ਰਿਕਟਰ ਹੈ। ਸਾਲ 2022 ‘ਚ ਇਸ ਖਿਡਾਰੀ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ‘ਚ ਖਰੀਦਿਆ ਸੀ। ਉਸ ਨੂੰ 2023 ਲਈ ਰੀਟੇਨ ਕੀਤਾ ਗਿਆ ਸੀ। ਜੁਰੇਲ ਨੇ ਸਾਲ 2019 ਵਿੱਚ ਹੋਏ ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ ਦੀ ਕਪਤਾਨੀ ਕੀਤੀ ਸੀ ਜੋ ਟੀਮ ਇੰਡੀਆ ਨੇ ਜਿੱਤਿਆ ਸੀ। ਧਰੁਵ ਜੁਰੇਲ ਨੇ ਪਹਿਲੀ ਸ਼੍ਰੇਣੀ ਵਿੱਚ ਕੁੱਲ 11 ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ ਆਪਣੇ ਬੱਲੇ ਨਾਲ 48 ਤੋਂ ਵੱਧ ਦੀ ਔਸਤ ਨਾਲ 587 ਦੌੜਾਂ ਬਣਾਈਆਂ ਹਨ। ਇਸ ਵਿੱਚ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਿਲ ਹਨ। ਜੁਰੇਲ ਦੀ ਖਾਸ ਗੱਲ ਇਹ ਹੈ ਕਿ ਉਸ ਦੀ ਤਕਨੀਕ ਲਾਜਵਾਬ ਹੈ ਅਤੇ ਉਹ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦੋਵਾਂ ਦੇ ਖਿਲਾਫ ਬਹੁਤ ਮਜ਼ਬੂਤ ਹੈ। ਪੰਜਾਬ ਕਿੰਗਜ਼ ਖਿਲਾਫ ਮੈਚ ‘ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ।
ਧਰੁਵ ਜੁਰੇਲ ਦੇ ਪਿਤਾ ਨੇ ਲੜੀ ਸੀ ਕਾਰਗਿਲ ਦੀ ਲੜਾਈ
ਧਰੁਵ ਜੁਰੇਲ ਦੇ ਪਿਤਾ ਸੇਵਾਮੁਕਤ ਫੌਜੀ ਹਨ। ਉਨ੍ਹਾਂ ਨੇ ਸਾਲ 1999 ‘ਚ ਦੇਸ਼ ਲਈ ਕਾਰਗਿਲ ਦੀ ਜੰਗ ਲੜੀ ਸੀ। ਉਸ ਜੰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ। ਜਦੋਂ ਨੇਮ ਸਿੰਘ ਜੁਰੇਲ ਨੇ ਯੁੱਧ ਲੜਿਆ ਸੀ, ਉਸ ਸਮੇਂ ਧਰੁਵ ਦਾ ਜਨਮ ਨਹੀਂ ਹੋਇਆ ਸੀ।ਤੁਹਾਨੂੰ ਦੱਸ ਦੇਈਏ ਕਿ ਧਰੁਵ ਦੇ ਪਿਤਾ ਨੇਮ ਸਿੰਘ ਉਸ ਨੂੰ ਸਿਪਾਹੀ ਬਣਾਉਣਾ ਚਾਹੁੰਦੇ ਸਨ, ਪਰ ਬਚਪਨ ਤੋਂ ਹੀ ਧਰੁਵ ਨੂੰ ਕ੍ਰਿਕਟ ਨਾਲ ਲਗਾਅ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਪੁੱਤਰ IPL ‘ਚ ਨਾਮ ਕਮਾਉਣ ਲਈ ਪਹਿਲਾ ਕਦਮ ਚੜ੍ਹਿਆ ਹੈ। ਧਰੁਵ ਜੁਰੇਲ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਇਸ ਖਿਡਾਰੀ ਨੇ ਬਹੁਤ ਅੱਗੇ ਜਾਣਾ ਹੈ। ਲੱਗਦਾ ਹੈ ਕਿ ਆਈ.ਪੀ.ਐੱਲ. ‘ਚ ਨਵਾਂ ਸਟਾਰ ਮਿਲ ਗਿਆ ਹੈ।