ਸਾਈਬਰ ਅਪਰਾਧੀਆਂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵੀਰੇਸ਼ ਕੁਮਾਰ ਭਾਵਰਾ ਦੀ ਤਸਵੀਰ ਦੀ ਦੁਰਵਰਤੋਂ ਕੀਤੀ ਹੈ। ਠੱਗਾਂ ਨੇ ਡੀਜੀਪੀ ਦੀ ਤਸਵੀਰ ਲਗਾ ਕੇ ਵਟਸਐਪ ਆਈਡੀ ਬਣਾ ਲਈ ਅਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਸਜ ਭੇਜੇ। ਮਾਮਲਾ ਸਾਹਮਣੇ ਆਉਣ ‘ਤੇ ਪੰਜਾਬ ਪੁਲਿਸ ਨੇ ਪੂਰੇ ਸੂਬੇ ‘ਚ ਅਲਰਟ ਜਾਰੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਵੀ ਵਟਸਐਪ ‘ਤੇ ਡੀਜੀਪੀ ਦੀ ਤਸਵੀਰ ਵਾਲਾ ਮੈਸੇਜ ਆਉਂਦਾ ਹੈ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਸੂਚਿਤ ਕੀਤਾ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਦੇ ਕੁੱਝ ਡਿਪਟੀ ਕਮਿਸ਼ਨਰਾਂ ਨੂੰ ਮੋਬਾਈਲ ਨੰਬਰ +91-74369-06364 ਤੋਂ ਸੰਦੇਸ਼ ਪ੍ਰਾਪਤ ਹੋਏ ਸਨ, ਜਿਸ ਵਿੱਚ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਦੀ ਤਸਵੀਰ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸੁਨੇਹਿਆਂ ‘ਚ ਅਪਰਾਧੀਆਂ ਨੇ ਪੈਸਿਆਂ ਦੀ ਵੀ ਮੰਗ ਕੀਤੀ ਸੀ ਪਰ ਪੁਲਸ ਵਿਭਾਗ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਜਦੋਂ ਇਹ ਸੰਦੇਸ਼ ਪ੍ਰਾਪਤ ਕਰਨ ਵਾਲੇ ਡਿਪਟੀ ਕਮਿਸ਼ਨਰਾਂ ਨੇ ਡੀਜੀਪੀ ਨਾਲ ਗੱਲ ਕੀਤੀ ਤਾਂ ਸਪੱਸ਼ਟ ਹੋ ਗਿਆ ਕਿ ਇਹ ਇੱਕ ਧੋਖਾਧੜੀ ਦਾ ਮਾਮਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੰਬਰ ਤੋਂ ਵਟਸਐਪ ਮੈਸੇਜ ਭੇਜੇ ਗਏ ਹਨ, ਉਸ ‘ਤੇ ਡੀਜੀਪੀ ਦੀ ਤਸਵੀਰ ਲੱਗੀ ਹੋਈ ਹੈ ਅਤੇ ਨਾਂ ਵੀ ਵੀਰੇਸ਼ ਕੁਮਾਰ ਭਾਵਰਾ ਲਿਖਿਆ ਹੋਇਆ ਹੈ। ਮੈਸੇਜ ਪੜ੍ਹ ਕੇ ਅਫਸਰਾਂ ਨੇ ਡੀਜੀਪੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਨੰਬਰ ਤੋਂ ਮੈਸੇਜ ਭੇਜੇ ਗਏ ਹਨ, ਉਹ ਉਨ੍ਹਾਂ ਦਾ ਨੰਬਰ ਨਹੀਂ ਹੈ। ਜੇਕਰ ਕਿਸੇ ਨੂੰ ਵੀ ਇਸ ਨੰਬਰ ਤੋਂ ਕੋਈ ਮੈਸੇਜ ਆਉਂਦਾ ਹੈ ਤਾਂ ਤੁਰੰਤ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਜਾਵੇ।