ਬਰਤਾਨੀਆ ਦੇ ਗ੍ਰੇਵਸੈਂਡ ਵਿੱਚ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਇੱਕ ਬਰਤਾਨਵੀ ਨਾਬਾਲਗ (17) ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਮੱਥਾ ਟੇਕ ਰਹੇ ਸ਼ਰਧਾਲੂਆਂ ’ਤੇ ਹਮਲਾ ਕਰ ਦਿੱਤਾ। ਇਸ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ ਹਨ। ਉਨ੍ਹਾਂ ਦੇ ਹੱਥਾਂ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਉਸਦੇ ਮੱਥੇ ਤੋਂ ਖੂਨ ਨਿਕਲ ਰਿਹਾ ਸੀ। ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੋਸ਼ੀ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ।
ਇਹ ਘਟਨਾ ਵੀਰਵਾਰ ਦੀ ਸ਼ਾਮ (ਯੂਕੇ ਸਮੇਂ) ਗ੍ਰੇਵਸੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਈ। ਚਸ਼ਮਦੀਦਾਂ ਅਨੁਸਾਰ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ। ਇਸ ਦੌਰਾਨ ਦੋਸ਼ੀ ਨੌਜਵਾਨ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਸੀ।