ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕੋਨਵੇ ਤੀਜੇ ਵਨਡੇ ‘ਚ ਭਾਰਤ ਲਈ ਸਿਰਦਰਦ ਬਣ ਗਏ ਸਨ। ਦਰਦ ਨਾਲ ਲੜਦੇ ਹੋਏ ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ਦਾ ਤੀਜਾ ਸੈਂਕੜਾ ਲਗਾਇਆ। ਕੋਨਵੇ ਨੇ 71 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ। ਉਨ੍ਹਾਂ ਨੇ 24ਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਲਗਾਤਾਰ ਦੋ ਛੱਕੇ ਲਗਾ ਕੇ ਸੈਂਕੜਾ ਪੂਰਾ ਕੀਤਾ ਸੀ। ਪਰ ਕੋਨਵੇ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਦਰਦ ਨਿਵਾਰਕ ਦਵਾਈਆਂ ਖਾਣੀਆਂ ਪਈਆਂ ਸਨ। ਅਸਲ ‘ਚ ਜਦੋਂ ਉਹ ਆਪਣੇ ਸੈਂਕੜੇ ਦੇ ਨੇੜੇ ਸੀ ਤਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ਖਿੱਚੀਆਂ ਗਈਆਂ ਸਨ। ਉਹ ਦੌੜਾਂ ਲੈਂਦੇ ਹੋਏ ਲੰਗ ਮਾਰ ਰਹੇ ਸੀ। ਇਸ ਦੌਰਾਨ ਕੁਮੈਂਟਰੀ ਬਾਕਸ ‘ਚ ਬੈਠੇ ਸੰਜੇ ਮਾਂਜਰੇਕਰ ਨੇ ਦੱਸਿਆ ਕਿ ਕੋਨਵੇ ਨੇ ਦਰਦ ਦੀ ਦਵਾਈ ਲਈ ਸੀ।
