ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੁੱਝ ਦਿਨਾਂ ਪਹਿਲਾਂ ਹੀ 21 ਦਿਨਾਂ ਦੀ ਫਰਲੋ ‘ਤੇ ਬਾਹਰ ਆਏ ਡੇਰਾ ਮੁਖੀ ਰਾਮ ਰਹੀਮ ਨੂੰ ਖ਼ਾਲਿਸਤਾਨ ਸਮਰਥਕਾਂ ਵੱਲੋਂ ਖ਼ਤਰਾ ਹੋਣ ਦੇ ਮੱਦੇਨਜ਼ਰ ਡੇਰਾ ਮੁਖੀ ਨੂੰ ਜ਼ੈੱਡ ਪਲੱਸ ਸਕਿਊਰਿਟੀ ਦਿੱਤੀ ਗਈ ਹੈ। ਇਸ ਦਾ ਖੁਲਾਸਾ ਹਰਿਆਣਾ ਪੁਲਿਸ ਦੇ ADGP ਵੱਲੋਂ ਰੋਹਤਕ ਰੇਂਜ ਦੇ ਕਮਿਸ਼ਨਰ ਨੂੰ ਲਿਖੇ ਇੱਕ ਪੱਤਰ ਵਿੱਚ ਹੋਇਆ ਹੈ। ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਨੂੰ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਜਿਸ ਤੋਂ ਬਾਅਦ ਐੱਸਜੀਪੀਸੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਤੇ ਬਲਾਤਕਾਰ ਦੇ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਹੋਈ ਹੈ। ਇਸ ਤੋਂ ਇਲਾਵਾ ਰਾਮ ਰਹੀਮ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ 25 ਅਗਸਤ 2017 ਤੋਂ ਸਲਾਖਾਂ ਪਿੱਛੇ ਹੈ। ਫ਼ਿਲਹਾਲ ਪੰਜਾਬ ਚੋਣਾਂ ਦੇ ਦੌਰਾਨ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਖਾਲਿਸਤਾਨ ਸਮਰਥਕਾਂ ਤੋਂ ਖ਼ਤਰਾ ਹੈ। ਇਸ ਕਰਕੇ ਉਸ ਨੂੰ ਜ਼ੈੱਡ ਪਲੱਸ ਸਕਿਓਰਿਟੀ ਦਿੱਤੀ ਗਈ ਹੈ।
ਡੇਰਾ ਮੁਖੀ ਦੀ ਫਰਲੋ ਨੂੰ ਚੁਣੌਤੀ ਦੇ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਕਤਲ ਕੇਸਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੈ। ਉਸਨੇ ਅਸਲ ਵਿੱਚ ਕਤਲ ਨਹੀਂ ਕੀਤੇ ਸਨ। ਉਸ ਨੂੰ ਸਿਰਫ਼ ਸਹਿ-ਦੋਸ਼ੀ ਨਾਲ ਅਪਰਾਧਿਕ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਸੀ। ਉਹ ਕੋਈ ਸਖ਼ਤ ਅਪਰਾਧੀ ਨਹੀਂ ਹੈ। ਪੰਜ ਸਾਲ ਜੇਲ੍ਹ ਕੱਟਣ ਕਾਰਨ ਉਸਨੂੰ ਫਰਲੋ ਦਾ ਅਧਿਕਾਰ ਹੈ।
ਡੇਰਾ ਮੁਖੀ ਨੂੰ 21 ਦਿਨਾਂ ਦੀ ਫਰਲੋ ‘ਤੇ ਰਿਹਾਅ ਕਰਨ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਇਸ ‘ਤੇ ਸੁਣਵਾਈ ਦੌਰਾਨ ਸਰਕਾਰ ਵੱਲੋਂ ਦਾਇਰ ਕੀਤੇ ਗਏ ਜਵਾਬ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੇਰਾ ਮੁਖੀ ਨੂੰ ਖਾਲਿਸਤਾਨ ਪੱਖੀ ਅਨਸਰਾਂ ਤੋਂ ਵੱਡੇ ਪੱਧਰ ‘ਤੇ ਖਤਰਾ ਹੈ। ਇਸ ਕਾਰਨ ਰਾਮ ਰਹੀਮ ਦੀ ਫਰਲੋ ‘ਤੇ ਰਿਹਾਈ ਦੌਰਾਨ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ।
ਹਾਈ ਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਇਹ ਮੰਨ ਲਿਆ ਜਾਵੇ ਕਿ ਉਹ ਇੱਕ ਹਾਰਡ ਕੋਰ ਅਪਰਾਧੀ ਹੈ, ਫਿਰ ਵੀ ਉਸ ਨੂੰ ਫਰਲੋ ’ਤੇ ਰਿਹਾਅ ਕੀਤੇ ਜਾਣ ਦਾ ਹੱਕ ਹੈ, ਕਿਉਂਕਿ ਉਸ ਨੇ ਜੇਲ੍ਹ ਵਿੱਚ ਪੰਜ ਸਾਲ ਪੂਰੇ ਕਰ ਲਏ ਹਨ। ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਬੁੱਧਵਾਰ ਨੂੰ ਪਟੀਸ਼ਨਕਰਤਾ ਪੱਖ ਸਰਕਾਰ ਦੇ ਰਿਕਾਰਡ ਅਤੇ ਜਵਾਬ ‘ਤੇ ਆਪਣਾ ਜਵਾਬ ਦਾਇਰ ਕਰੇਗਾ।