ਉੱਤਰੀ ਦਿੱਲੀ ਦੇ ਪੁਲਬੰਗਸ਼ ਮੈਟਰੋ ਸਟੇਸ਼ਨ ਨੇੜੇ ਜੈਪੁਰ ਗੋਲਡਨ ਟਰਾਂਸਪੋਰਟ ਕੰਪਨੀ ਦੇ ਗੋਦਾਮ ਦੀ ਇਮਾਰਤ ਵਿੱਚ ਬੁੱਧਵਾਰ ਸਵੇਰੇ 11.50 ਵਜੇ ਅੱਗ ਲੱਗ ਗਈ। ਇਸ ਮਗਰੋਂ ਮਾਮਲੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਭੇਜੀਆਂ ਗਈਆਂ ਸੀ। ਪਰ ਜਦੋ ਅੱਗ ਨੂੰ ਬੁਝਾਇਆ ਜਾ ਰਿਹਾ ਸੀ ਤਾਂ ਅਚਾਨਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ।
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ 100 ਦੇ ਕਰੀਬ ਕਰਮਚਾਰੀ ਮੌਕੇ ‘ਤੇ ਅੱਗ ਬੁਝਾਉਣ ‘ਚ ਲੱਗੇ ਹੋਏ ਸਨ, ਉਹ ਸਾਰੇ ਇਮਾਰਤ ਦੇ ਹੇਠਾਂ ਦੱਬੇ ਜਾਣ ਤੋਂ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ 3 ਕਰਮਚਾਰੀ ਜ਼ਖਮੀ ਹੋਏ ਹਨ। ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਡੀਸੀਪੀ ਉੱਤਰੀ ਦਿੱਲੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸਾਨੂੰ ਕਰੀਬ 12 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅੱਗ ਬੁਝਾ ਦਿੱਤੀ ਗਈ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਾਂਚ ਦੌਰਾਨ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।