ਦਿੱਲੀ ਦਾ ਰਾਮਲੀਲਾ ਮੈਦਾਨ ਇਕ ਵਾਰ ਫਿਰ ਕਿਸਾਨਾਂ ਦੀ ਗੂੰਜ ਸੁਣਨ ਲਈ ਤਿਆਰ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੋਂ ਬਾਅਦ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਦਿੱਲੀ ਪੁਲਿਸ ਨੇ 14 ਮਾਰਚ ਨੂੰ ਜਵਾਹਰ ਲਾਲ ਨਹਿਰੂ ਮਾਰਗ ‘ਤੇ ਸਥਿਤ ਰਾਮਲੀਲਾ ਮੈਦਾਨ ‘ਚ ਕਿਸਾਨਾਂ ਦੀ ਮਹਾਪੰਚਾਇਤ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਇਸ ਵਾਰ ਕਿਸਾਨ ਟਰੈਕਟਰਾਂ ਅਤੇ ਟਰਾਲੀਆਂ ਰਾਹੀਂ ਨਹੀਂ ਬਲਕਿ ਬੱਸਾਂ ਅਤੇ ਰੇਲਾਂ ਰਾਹੀਂ ਦਿੱਲੀ ਪਹੁੰਚ ਰਹੇ ਹਨ। ਦਿੱਲੀ ‘ਚ ਹੋਣ ਵਾਲੀ ਇਸ ਮਹਾਪੰਚਾਇਤ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਇਸ ਮਹਾਪੰਚਾਇਤ ਵਿੱਚ 50 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਰਾਜਧਾਨੀ ਦੀਆਂ ਸੜਕਾਂ ਨੂੰ ਜਾਮ ਹੋਣੀਆਂ ਜਾਇਜ਼ ਹਨ। ਇਸ ਦੇ ਲਈ 14 ਮਾਰਚ ਨੂੰ ਸਵੇਰੇ 6 ਵਜੇ ਤੋਂ ਲਾਗੂ ਹੋਣ ਵਾਲੇ ਟ੍ਰੈਫਿਕ ਡਾਇਵਰਸ਼ਨ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਦਿੱਲੀ ਪੁਲਿਸ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਕੁਝ ਨਿਯਮਾਂ ਅਤੇ ਸ਼ਰਤਾਂ ਨਾਲ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਕਿਸਾਨ ਇਸ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਟਰੈਕਟਰ-ਟਰਾਲੀ ਰਾਹੀਂ ਨਹੀਂ ਆਵੇਗਾ। ਜਾਣਕਾਰੀ ਮੁਤਾਬਿਕ ਇਹ ਮਹਾਪੰਚਾਇਤ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲ ਸਕਦੀ ਹੈ।