ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਿਤ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਜੈਕਲੀਨ ਨੂੰ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਅਦਾਕਾਰਾ ਨੂੰ 26 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਜਾਂਚ ਏਜੰਸੀ ਨੇ ਅਦਾਲਤ ਵਿੱਚ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਜੈਕਲੀਨ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਸੇ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਅਦਾਕਾਰਾ ਨੂੰ ਅੱਜ ਦੀ ਸੁਣਵਾਈ ਵਿੱਚ ਤਲਬ ਕੀਤਾ ਹੈ।
ਬੁੱਧਵਾਰ ਦੀ ਸੁਣਵਾਈ ਦੌਰਾਨ ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਪੁਲਿਸ ਨੇ ਜੈਕਲੀਨ ਫਰਨਾਂਡੀਜ਼ ਨੂੰ ਵੀ 12 ਸਤੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਉਹ ਪਹਿਲਾਂ ਭੇਜੇ ਗਏ ਸੰਮਨਾਂ ‘ਤੇ ਪੇਸ਼ ਨਹੀਂ ਹੋਈ ਸੀ। ਜੈਕਲੀਨ ਦੇ ਵਕੀਲ ਨੇ ਭਰੋਸਾ ਦਿੱਤਾ ਕਿ ਉਹ ਅਗਲੀ ਤਰੀਕ ‘ਤੇ ਦਿੱਲੀ ਪੁਲਿਸ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਸੁਕੇਸ਼ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਈਡੀ ਨੇ ਜੈਕਲੀਨ ਤੋਂ ਕਈ ਵਾਰ ਪੁੱਛਗਿੱਛ ਕੀਤੀ ਹੈ। ਕੁਝ ਸਮਾਂ ਪਹਿਲਾਂ ਜੈਕਲੀਨ ਦੀ 12 ਲੱਖ ਰੁਪਏ ਦੀ ਐਫਡੀ ਵੀ ਜ਼ਬਤ ਕੀਤੀ ਗਈ ਸੀ।
ਈਡੀ ਮੁਤਾਬਿਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਦਸਤੀ ਵਸੂਲੇ ਗਏ ਪੈਸਿਆਂ ਨਾਲ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ ਸਨ। ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਸੁਕੇਸ਼ ਨੇ ਇਹ ਸਾਰਾ ਪੈਸਾ ਅਪਰਾਧ ਕਰਕੇ ਕਮਾਇਆ ਸੀ। ਉਦੋਂ ਤੋਂ ਜੈਕਲੀਨ ਈਡੀ ਦੇ ਰਡਾਰ ‘ਤੇ ਹੈ।