ਦਿੱਲੀ ਚੋਣਾਂ ‘ਚ ਵੋਟਿੰਗ ਤੋਂ ਬਾਅਦ 8 ਫਰਵਰੀ ਨੂੰ ਨਤੀਜਿਆਂ ਦੀ ਤਸਵੀਰ ਸਾਫ ਹੋ ਜਾਵੇਗੀ ਪਰ ਇੱਕ ਗੱਲ ਤਾਂ ਸਾਫ ਹੈ ਕਿ ਦਿੱਲੀ ‘ਚ ਜੋ ਵੀ ਹੋਵੇਗਾ ਉਹ ਇਤਿਹਾਸ ਬਣ ਜਾਵੇਗਾ। ਚਾਹੇ ਅਰਵਿੰਦ ਕੇਜਰੀਵਾਲ ਮੁੜ ਜਿੱਤਣ ਜਾਂ ਭਾਜਪਾ ਜਿੱਤੇ। ਨਤੀਜਿਆਂ ਤੋਂ ਪਹਿਲਾਂ 11 ਵੱਖ-ਵੱਖ ਐਗਜ਼ਿਟ ਪੋਲ ਆ ਚੁੱਕੇ ਹਨ। 9 ਐਗਜ਼ਿਟ ਪੋਲਾਂ ‘ਚ ਭਾਜਪਾ ਨੂੰ ਬਹੁਮਤ ਮਿਲਣ ਦੀ ਉਮੀਦ ਹੈ ਅਤੇ 2 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਉਮੀਦ ਹੈ।
ਜੇਕਰ ਆਮ ਆਦਮੀ ਪਾਰਟੀ ਮੁੜ ਚੋਣਾਂ ਜਿੱਤਦੀ ਹੈ ਤਾਂ ਅਰਵਿੰਦ ਕੇਜਰੀਵਾਲ ਚੌਥੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਆਗੂ ਹੋਣਗੇ ਅਤੇ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੇ ਚਿਹਰੇ ’ਤੇ ਦਿੱਲੀ ਚੋਣ ਲੜ ਰਹੀ ਭਾਜਪਾ ਨੂੰ ਹਰਾਉਣ ਵਾਲੇ ਆਗੂ ਬਣ ਜਾਣਗੇ। ਜੇਕਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਕੇਜਰੀਵਾਲ 2014 ਤੋਂ ਬਾਅਦ ਕਿਸੇ ਵੀ ਰਾਜ ਵਿੱਚ ਲਗਾਤਾਰ ਤਿੰਨ ਵਾਰ ਭਾਜਪਾ ਨੂੰ ਹਰਾਉਣ ਵਾਲੇ ਦੇਸ਼ ਦੇ ਪਹਿਲੇ ਨੇਤਾ ਹੋਣਗੇ। ਉਹ ਇਸ ਤੱਥ ਦਾ ਜ਼ੋਰਦਾਰ ਪ੍ਰਚਾਰ ਕਰਨਗੇ ਕਿ ਘਪਲੇ ਦੇ ਦੋਸ਼ ਸਿਆਸੀ ਸਾਜ਼ਿਸ਼ ਹਨ ਅਤੇ ਲੋਕ ਅਦਾਲਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਪਣਾ ਫੈਸਲਾ ਸੁਣਾਇਆ ਹੈ। ਪਾਰਟੀ ਨੂੰ ਰਾਸ਼ਟਰੀ ਪੱਧਰ ‘ਤੇ ਵਿਸ਼ਾਲ ਕਰਨ ਦੀ ਯੋਜਨਾ ਨੂੰ ਬਲ ਮਿਲੇਗਾ। ਗੁਜਰਾਤ, ਪੰਜਾਬ, ਦਿੱਲੀ ਤੋਂ ਬਾਅਦ ਕੇਜਰੀਵਾਲ ਨੂੰ ਹੋਰ ਰਾਜਾਂ ‘ਚ ਵਿਸਥਾਰ ‘ਤੇ ਕੰਮ ਕਰਨ ਦੀ ਤਾਕਤ ਮਿਲੇਗੀ।