ਆਈਪੀਐਲ 2025 ਵਿੱਚ ਹੁਣ ਤੱਕ ਦੇ ਸਭ ਤੋਂ ਰੋਮਾਂਚਕ ਮੈਚ ਵਿੱਚ, ਦਿੱਲੀ ਕੈਪੀਟਲਜ਼ ਨੇ ਆਖਰੀ ਓਵਰ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਹਰਾ ਦਿੱਤਾ ਹੈ। ਵਿਸ਼ਾਖਾਪਟਨਮ ‘ਚ ਖੇਡੇ ਗਏ ਸੀਜ਼ਨ ਦੇ ਚੌਥੇ ਮੈਚ ‘ਚ ਧਮਾਕੇਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੀ, ਜਿੱਥੇ ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 209 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਲਖਨਊ ਵੱਲੋਂ ਨਿਕੋਲਸ ਪੂਰਨ ਅਤੇ ਮਿਸ਼ੇਲ ਮਾਰਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਸਿਰਫ 7 ਦੌੜਾਂ ‘ਤੇ 3 ਵਿਕਟਾਂ ਅਤੇ 65 ਦੌੜਾਂ ‘ਤੇ 5 ਵਿਕਟਾਂ ਗੁਆ ਚੁੱਕੀ ਦਿੱਲੀ ਨੇ ਆਸ਼ੂਤੋਸ਼ ਸ਼ਰਮਾ ਦੇ ਦਮ ‘ਤੇ ਜ਼ਬਰਦਸਤ ਵਾਪਸੀ ਕੀਤੀ ਅਤੇ ਆਖਰੀ ਓਵਰ ‘ਚ ਸਿਰਫ 1 ਵਿਕਟ ਨਾਲ ਮੈਚ ਜਿੱਤ ਲਿਆ।
