ਪਿਛਲੇ ਸਾਲ 15 ਫਰਵਰੀ ਨੂੰ ਹਰਿਆਣਾ-ਦਿੱਲੀ ਬਾਰਡਰ ‘ਤੇ ਸੋਨੀਪਤ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਇਸ ਹਾਦਸੇ ਵਿੱਚ ਫ਼ਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਹੋਈ ਸੀ। ਇਸ 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਹਾਦਸੇ ਸਮੇਂ ਦੀਪ ਸਿੱਧੂ ਦੇ ਨਾਲ ਕਾਰ ‘ਚ ਦੀਪ ਦੀ ਦੋਸਤ ਰੀਨਾ ਰਾਏ ਵੀ ਸੀ ਜਿਸ ਨੇ ਦੀਪ ਸਿੱਧੂ ਦੀ ਮੌਤ ਬਾਰੇ ਬੁੱਧਵਾਰ ਨੂੰ ਕਈ ਖੁਲਾਸੇ ਕੀਤੇ ਹਨ। ਰੀਨਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਦੀਪ ਸਿੱਧੂ ਦੀ ਪਤਨੀ ਅਤੇ ਪਰਿਵਾਰ ‘ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਹਨ।
ਰੀਨਾ ਰਾਏ ਨੇ ਕਿਹਾ ਕਿ ਜਿਸ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋਈ ਹੈ, ਉਸ ਵਿੱਚ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਨਹੀਂ ਸੀ। ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹਾਦਸੇ ਪਿੱਛੇ ਸਾਜ਼ਿਸ਼ ਦਾ ਨਾਮ ਦੇ ਕੇ ਗੁੰਮਰਾਹ ਕੀਤਾ ਗਿਆ ਹੈ । ਦੀਪ ਉਸ ਸਮੇਂ ਗੱਡੀ ਚਲਾ ਰਿਹਾ ਸੀ। ਲੰਬੇ ਸਮੇਂ ਤੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ਕੋਈ ਜਾਂਚ ਨਹੀਂ ਹੋਈ। ਰੀਨਾ ਨੇ ਦੀਪ ਦੇ ਭਰਾ ਮਨਦੀਪ ਨੂੰ ਵੀ ਦੱਸਿਆ ਕਿ ਇਹ ਇਕ ਸਾਧਾਰਨ ਹਾਦਸਾ ਸੀ। ਰੀਨਾ ਰਾਏ ਨੇ ਦੱਸਿਆ ਕਿ ਉਸ ਦਾ ਦੀਪ ਸਿੱਧੂ ਨਾਲ 2018 ਤੋਂ ਸਬੰਧ ਸੀ। ਦੋਵਾਂ ਦਾ ਸਤੰਬਰ 2022 ਵਿੱਚ ਵਿਆਹ ਹੋਣਾ ਸੀ, ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਦੀਪ ਉਸ ਨੂੰ ਛੱਡ ਗਿਆ ਹੈ, ਪਰ ਉਹ ਹਮੇਸ਼ਾ ਉਸ ਦੇ ਦਿਲ ਵਿੱਚ ਰਹੇਗਾ। ਰੀਨਾ ਨੇ ਦੱਸਿਆ ਕਿ ਦੀਪ ਸਿੱਧੂ 2011 ਤੋਂ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ।
ਉਨ੍ਹਾਂ ਦੀ ਪਤਨੀ ਰਾਂਚੀ ‘ਚ ਰਹਿੰਦੀ ਹੈ, ਜਦਕਿ ਦੀਪ ਸਿੱਧੂ ਮੁੰਬਈ ‘ਚ ਰਹਿੰਦਾ ਸੀ। ਸਾਲ 2019 ‘ਚ ਦੋਵਾਂ ਵਿਚਾਲੇ ਵੱਖ ਹੋਣ ਦਾ ਸਮਝੌਤਾ ਵੀ ਹੋਇਆ ਸੀ। ਦੋਵਾਂ ਦਾ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਫੈਸਲਾ ਆਉਣਾ ਬਾਕੀ ਸੀ। ਦੋਹਾਂ ਨੇ ਤੈਅ ਕੀਤਾ ਸੀ ਕਿ ਤਲਾਕ ਤੋਂ ਬਾਅਦ ਉਹ ਵਿਆਹ ਕਰਨਗੇ। ਦੀਪ ਸਿੱਧੂ ਨੀਅਤ ਤੇ ਦਿਲ ਦਾ ਸਾਫ਼ ਬੰਦਾ ਸੀ।
ਦੀਪ ਸਿੱਧੂ ਨੇ ਉਸ ਦਿਨ ਸਵੇਰ ਉੱਠ ਕੇ ਆਪਣਾ ਮਨਪਸੰਦ ਖਾਣਾ ਖਾਧਾ ਸੀ। ਅਸੀਂ ਪੰਜਾਬ ਆਉਣਾ ਨਹੀਂ ਚਾਹੁੰਦੇ ਸੀ ਪਰ ਦੀਪ ਪੰਜਾਬ ਆਉਣਾ ਚਾਹੁੰਦਾ ਸੀ। ਅਸੀਂ ਪੰਜਾਬ ਲਈ ਨਿਕਲ ਪਏ। ਮੈਨੂੰ ਨੀਂਦ ਆ ਰਹੀ ਸੀ । ਮੈਂ ਸੀਟ ਪਿੱਛੇ ਕਰ ਕੇ ਸੌਂ ਰਹੀ ਸੀ। ਜਦੋਂ ਕਾਰ ਦੀ ਟੱਕਰ ਹੋਈ ਤਾਂ ਮੇਰੀ ਅੱਖ ਖੁੱਲ੍ਹ ਗਈ। ਹਾਦਸੇ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਜਦੋਂ ਮੈ ਦੀਪ ਬਾਰੇ ਉਸ ਦੇ ਭਰਾ ਤੇ ਦੋਸਤ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੁੱਝ ਨਹੀਂ ਦੱਸਿਆ। ਬਲਕਿ ਉਸ ਨੂੰ ਤੁਰੰਤ ਭਾਰਤ ਛੱਡ ਕੇ ਅਮਰੀਕਾ ਜਾਣ ਲਈ ਕਿਹਾ ਗਿਆ। ਉਨ੍ਹਾਂ ਨੇ ਯੋਜਨਾ ਤਹਿਤ ਮੈਨੂੰ ਅਮਰੀਕਾ ਭੇਜਿਆ ਸੀ। ਉਸ ਨੂੰ ਹਰ ਤਰੀਕੇ ਨਾਲ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ ਸੀ।
ਰੀਨਾ ਰਾਏ ਨੇ ਦੱਸਿਆ ਕਿ ਦੀਪ ਸਿੱਧੂ ਦੀ ਪਤਨੀ ਨਮਰਤਾ ਦੀਪ ਨੂੰ ਕਾਫੀ ਨਫਰਤ ਕਰਦੀ ਸੀ। ਜਦੋਂ ਦੀਪ ਸਿੱਧੂ ਨੇ ਆਪਣੀ ਪਤਨੀ ਨਾਲ ਸਮਝੌਤਾ ਕਰਕੇ ਤਲਾਕ ਲਈ ਅਰਜ਼ੀ ਦਿੱਤੀ ਸੀ ਤਾਂ ਉਸ ਨੇ ਉਸ ਨੂੰ ਕਾਫੀ ਪੈਸੇ ਦਿੱਤੇ ਸਨ ਅਤੇ ਉਸ ਨੂੰ ਪ੍ਰੇਸ਼ਾਨ ਨਾ ਕਰਨ ਲਈ ਕਿਹਾ ਸੀ। ਰੀਨਾ ਨੇ ਕਿਹਾ ਕਿ ਉਸ ਕੋਲ ਉਸ ਦੀ ਸਾਰੀ ਗੱਲਬਾਤ ਅਤੇ ਸੰਦੇਸ਼ਾਂ ਦਾ ਰਿਕਾਰਡ ਹੈ। ਰੀਨਾ ਨੇ ਇੱਥੋਂ ਤੱਕ ਕਿਹਾ ਕਿ ਇੱਕ ਔਰਤ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ਅਤੇ ਸੰਸਕਾਰ ਦੌਰਾਨ ਉਸ ਦੀਆਂ ਅੱਖਾਂ ਵਿੱਚ ਹੰਝੂ ਵੀ ਨਹੀਂ ਸਨ।