ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਪਿੰਡ ਖੰਡੂਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੌਜਵਾਨ ਅਮਰੀਕਾ ਵਿੱਚ ਟਰੱਕ ਡਰਾਈਵਰ ਸੀ। ਦਰਅਸਲ ਕੈਲੀਫੋਰਨੀਆ ਦੇ ਸਲੀਨਾ ਵੱਲ ਜਾਂਦੇ ਸਮੇਂ ਨੌਜਵਾਨ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਸੀ, ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨੌਜਵਾਨ ਦੀ ਪਛਾਣ 36 ਸਾਲ ਦੇ ਗੁਰਮੀਤ ਸਿੰਘ ਵਜੋਂ ਹੋਈ ਹੈ। ਗੁਰਮੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਮੀਤ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਫਰੋਜ਼ਨ ਮੀਟ ਦਾ ਟਰੱਕ ਚਲਾਉਂਦਾ ਸੀ। ਗੁਰਮੀਤ ਮੀਟ ਦੀ ਡਿਲਿਵਰੀ ਕਰਨ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਗੁਰਮੀਤ ਸਿੰਘ ਦੀ ਮੌਤ ਤੋਂ ਬਾਅਦ ਲੁਧਿਆਣਾ ‘ਚ ਉਨ੍ਹਾਂ ਦੇ ਪਿੰਡ ‘ਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਪੰਜਾਬ ਦੇ ਲੋਕਾਂ ਦੀ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।