ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੀ ਪਹਿਲੀ ਜਿੱਤ ਦਾ ਇੰਤਜ਼ਾਰ ਹੋਰ ਲੰਬਾ ਹੋ ਗਿਆ ਹੈ। ਦਿੱਲੀ ਕੈਪੀਟਲਸ ਨੇ ਸੋਮਵਾਰ ਨੂੰ ਬੈਂਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ ਹੈ। ਬੈਂਗਲੁਰੂ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਟੀਮ ਪੰਜ ਮੈਚਾਂ ਤੋਂ ਬਾਅਦ ਵੀ ਨਹੀਂ ਜਿੱਤ ਸਕੀ। ਉਹ ਯਕੀਨੀ ਤੌਰ ‘ਤੇ ਦਿੱਲੀ ਵਿਰੁੱਧ ਜਿੱਤ ਦੇ ਨੇੜੇ ਪਹੁੰਚ ਗਈ ਸੀ ਪਰ ਜਿੱਤ ਤੋਂ ਵਾਂਝੀ ਰਹੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ ਸਨ। ਦਿੱਲੀ ਨੇ ਇਹ ਟੀਚਾ 19.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।
ਦਿੱਲੀ ਲਈ ਮਾਰਿਜਨ ਕੈਪ ਨੇ ਸ਼ਾਨਦਾਰ ਪਾਰੀ ਖੇਡੀ। ਉਸ ਤੋਂ ਇਲਾਵਾ ਐਲੀਸ ਕੈਪਸੀ ਨੇ 24 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਜੇਮਿਮ ਰੌਡਰਿਗਜ਼ ਨੇ 28 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ।ਦਿੱਲੀ ਨੂੰ ਆਖਰੀ ਓਵਰ ਵਿੱਚ ਜਿੱਤ ਲਈ ਛੇ ਗੇਂਦਾਂ ਵਿੱਚ ਨੌਂ ਦੌੜਾਂ ਦੀ ਲੋੜ ਸੀ। ਰੇਣੂਕਾ ਠਾਕੁਰ ਇਹ ਓਵਰ ਸੁੱਟ ਰਹੀ ਸੀ। ਜੋਨਾਸਨ ਨੇ ਪਹਿਲੀ ਗੇਂਦ ‘ਤੇ ਸਿੰਗਲ ਲਿਆ। ਕੈਪ ਨੇ ਦੂਜੀ ਗੇਂਦ ‘ਤੇ ਸਿੰਗਲ ਲਿਆ। ਜੋਨਾਸਨ ਨੇ ਤੀਜੀ ਗੇਂਦ ‘ਤੇ ਛੱਕਾ ਜੜਿਆ ਅਤੇ ਅਗਲੀ ਗੇਂਦ ‘ਤੇ ਚੌਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ।