ਹਰਿਆਣਾ-ਪੰਜਾਬ ਸਰਹੱਦ ‘ਤੇ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਖਨੌਰੀ ਸਰਹੱਦ ’ਤੇ ਪਿਛਲੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਤੋੜਨ ਨੂੰ ਤਿਆਰ ਨਹੀਂ ਹਨ। ਜਦਕਿ ਸ਼ੰਭੂ ਸਰਹੱਦ ‘ਤੇ ਕਿਸਾਨ ਤਿੰਨ ਵਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਪਰ ਹਰਿਆਣਾ ਪੁਲਿਸ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਐਤਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪਹੁੰਚੇ ਸਨ। ਉਨ੍ਹਾਂ ਡੱਲੇਵਾਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦੀ ਸੂਚੀ ਲੈ ਲਈ ਹੈ ਅਤੇ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਡੱਲੇਵਾਲ ਤੱਕ ਪਹੁੰਚਾ ਦਿੱਤਾ ਹੈ। ਸੀ.ਐਮ ਨੂੰ ਉਨ੍ਹਾਂ ਦੀ ਚਿੰਤਾ ਹੈ ਅਤੇ ਡੱਲੇਵਾਲ ਦੀ ਜਾਨ ਕੀਮਤੀ ਹੈ।