ਹੈਮਿਲਟਨ ਦੀ ਮਿਲਕੀਓ ਫੂਡਸ ਲਿਮਟਿਡ ਕੰਪਨੀ ਨੂੰ $420,000 ਦਾ ਜੁਰਮਾਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਿਕ ਭਾਰਤੀ ਮੂਲ ਦੇ ਵਿਅਕਤੀ ਦੀ ਕੰਪਨੀ ਨੇ 15 ਦੋਸ਼ਾਂ ਨੂੰ ਕਬੂਲਿਆ ਹੈ, ਜਿਸ ਕਾਰਨ ਕੰਪਨੀ ਨੂੰ ਇਹ ਜੁਰਮਾਨਾ ਕੀਤਾ ਗਿਆ ਹੈ। ਕੰਪਨੀ ‘ਤੇ ਫੇਅਰ ਟਰੇਡਿੰਗ ਐਕਟ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਸੀ। ਕਾਮਰਸ ਕਮਿਸ਼ਨ ਜੱਜ ਥਾਮਸ ਇਨਗਰੇਮ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕੰਪਨੀ ਨੇ ਭਾਰਤ ਤੋਂ ਆਏ ਦੁੱਧ ਉਤਪਾਦਾਂ ਨੂੰ ਨਿਊਜ਼ੀਲੈਂਡ ਦਾ ਬਣਿਆ ਦੱਸਕੇ ਗ੍ਰਾਹਕਾਂ ਨਾਲ ਧੋਖਾ ਕੀਤਾ ਹੈ। ਕੰਪਨੀ ‘ਤੇ ਇਲਜ਼ਾਮ ਹੈ ਕਿ ਉਸਨੇ ਨਿਊਜ਼ੀਲੈਂਡ ਦਾ ਫਰਨਮਾਰਕ ਲੋਗੋ ਵੀ ਵਰਤਿਆ ਸੀ ਜੋ ਇੱਥੋਂ ਦੇ ਬਣੇ ਉਤਪਾਦਾਂ ‘ਤੇ ਵਰਤਿਆ ਜਾਂਦਾ ਹੈ ਤੇ ਦੁਨੀਆਂ ਭਰ ਵਿੱਚ ਕੁਆਲਟੀ ਤੇ ਗੁਣਵਕਤਾ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਕੰਪਨੀ ‘ਤੇ ਇੰਨਾਂ ਉਤਪਾਦਾਂ ‘ਤੇ ਬਿਨ੍ਹਾਂ ਮਨਜੂਰੀ ਲਾਇਸੈਂਸ ਨੰਬਰ ਵਰਤਣ ਦਾ ਵੀ ਇਲਜ਼ਾਮ ਹੈ।