ਚੱਕਰਵਾਤ ਕਾਰਨ ਦੱਖਣੀ ਭਾਰਤ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਤੂਫਾਨ ਦਾ ਨਾਂ ਮਿਚੌਂਗ ਹੈ। ਇਹ ਚੱਕਰਵਾਤ ਮੰਗਲਵਾਰ ਦੁਪਹਿਰ 12 ਵਜੇ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾ ਸਕਦਾ ਹੈ। ਉਸ ਸਮੇਂ ਦੌਰਾਨ ਹਵਾ ਦੀ ਰਫ਼ਤਾਰ ਭਿਆਨਕ ਹੋਵੇਗੀ। ਇਸ ਤੂਫਾਨ ਨਾਲ ਨਜਿੱਠਣ ਅਤੇ ਬਚਾਅ ਲਈ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਤੂਫਾਨ ਅਜੇ ਆਇਆ ਵੀ ਨਹੀਂ ਹੈ ਅਤੇ ਚੇੱਨਈ ‘ਚ ਸਥਿਤੀ ਪਹਿਲਾਂ ਹੀ ਡਰਾਉਣੀ ਬਣ ਗਈ ਹੈ। ਇਹ ਤਸਵੀਰ ਚੇੱਨਈ ਦੇ ਪੱਲੀਕਰਨਈ ਇਲਾਕੇ ਦੀ ਹੈ। ਰਿਹਾਇਸ਼ੀ ਇਲਾਕਿਆਂ ਵਿੱਚ ਖੜ੍ਹੀਆਂ ਕਈ ਕਾਰਾਂ ਪਾਣੀ ਵਿੱਚ ਤੈਰਣ ਲੱਗੀਆਂ ਹਨ। ਕਈ ਥਾਵਾਂ ‘ਤੇ ਕਈ ਕਾਰਾਂ ਅੱਧ ਤੋਂ ਵੱਧ ਪਾਣੀ ‘ਚ ਡੁੱਬ ਗਈਆਂ ਹਨ। ਭਾਰੀ ਮੀਂਹ ਕਾਰਨ ਇਲਾਕੇ ਦੀਆਂ ਸੜਕਾਂ ਦਰਿਆਵਾਂ ਵਿੱਚ ਤਬਦੀਲ ਹੋ ਗਈਆਂ। ਘਰਾਂ ‘ਚ ਬੰਦ ਲੋਕ ਡਰ ਰਹੇ ਹਨ।
ਫਿਲਹਾਲ ਮਿਚੌਂਗ ਚੱਕਰਵਾਤ ਦਾ ਸਭ ਤੋਂ ਜ਼ਿਆਦਾ ਅਸਰ ਚੇੱਨਈ ‘ਚ ਦੇਖਣ ਨੂੰ ਮਿਲ ਰਿਹਾ ਹੈ। ਵੇਲਾਚੇਰੀ ਅਤੇ ਪੱਲੀਕਰਨਈ ਖੇਤਰਾਂ ਵਿੱਚ ਸਥਿਤੀ ਸਭ ਤੋਂ ਖਰਾਬ ਹੈ। ਇੱਕ ਕਾਰ ਉੱਤੇ ਇੱਕ ਹੋਰ ਕਾਰ ਚੜ੍ਹ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਪਾਣੀ ਦਾ ਜ਼ੋਰ ਕਿੰਨਾ ਜ਼ੋਰਦਾਰ ਹੈ। ਚੇੱਨਈ ‘ਚ ਕਈ ਥਾਵਾਂ ‘ਤੇ ਸੜਕਾਂ ‘ਤੇ ਪਾਣੀ ਭਰਨ ਵਰਗੀ ਸਥਿਤੀ ਹੈ। ਇਸ ਸਮੇਂ ਵੀ ਲੋਕਾਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਪੁਡੂਪੇੱਟਾਈ ਤੋਂ ਐਗਮੋਰ ਤੱਕ ਸੜਕ ‘ਤੇ ਪਾਣੀ ਭਰ ਗਿਆ। ਮੁੱਖ ਸੜਕ 3-4 ਫੁੱਟ ਤੱਕ ਪਾਣੀ ਵਿਚ ਭਰ ਗਈ ਹੈ।
ਚੇੱਨਈ ਦੇ ਹਰ ਹਿੱਸੇ ‘ਚ ਭਾਰੀ ਮੀਂਹ ਦਾ ਅਸਰ ਦਿਖਾਈ ਦੇ ਰਿਹਾ ਹੈ। ਐਗਮੋਰ ਰੇਲਵੇ ਸਟੇਸ਼ਨ ਦੀਆਂ ਪਟੜੀਆਂ ‘ਤੇ ਪਾਣੀ ਭਰ ਗਿਆ ਹੈ। ਰੇਲਵੇ ‘ਤੇ ਤੂਫਾਨ ਦਾ ਅਸਰ ਇਹ ਹੋਇਆ ਹੈ ਕਿ ਹੁਣ ਤੱਕ 204 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਚੇੱਨਈ ਅੰਤਰਰਾਸ਼ਟਰੀ ਹਵਾਈ ਅੱਡਾ ਮੰਗਲਵਾਰ ਸਵੇਰੇ 9 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਨਾ ਤਾਂ ਕੋਈ ਫਲਾਈਟ ਲੈਂਡ ਕਰੇਗੀ ਅਤੇ ਨਾ ਹੀ ਕੋਈ ਫਲਾਈਟ ਟੇਕ ਆਫ ਕਰ ਸਕੇਗੀ। ਭਾਰੀ ਮੀਂਹ ਕਾਰਨ ਏਅਰਪੋਰਟ ‘ਤੇ ਪਾਣੀ ਭਰ ਗਿਆ ਹੈ। ਮਿਚੌਂਗ ਤੂਫਾਨ ਕਾਰਨ ਚੇਨਈ ਹਵਾਈ ਅੱਡੇ ‘ਤੇ 23 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੇੱਨਈ ਆਉਣ ਵਾਲੀਆਂ 12 ਅਤੇ ਚੇੱਨਈ ਤੋਂ ਰਵਾਨਾ ਹੋਣ ਵਾਲੀਆਂ 11 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੂਫਾਨ ਕਾਰਨ 10 ਉਡਾਣਾਂ ਦੇ ਰੂਟ ਬਦਲੇ ਗਏ ਹਨ।