ਬਾਲੀਵੁੱਡ ਫਿਲਮ Producer ਅਤੇ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨਾਲ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਲੈ ਕੇ ਕਿਸੇ ਨੇ 4 ਲੱਖ ਰੁਪਏ ਚੋਰੀ ਕਰ ਲਏ ਹਨ। ਇਸ ਮਾਮਲੇ ਵਿੱਚ, ਮੁੰਬਈ ਦੀ ਅੰਬੋਲੀ ਪੁਲਿਸ ਨੇ ਬੁੱਧਵਾਰ ਨੂੰ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ ਮਹੀਨੇ ਵਿੱਚ ਬੋਨੀ ਕਪੂਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ ਹਨ। ਜਦੋਂ ਉਨ੍ਹਾਂ ਨੇ ਇਸ ਬਾਰੇ ਬੈਂਕ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਜਾਣਕਾਰੀ ਮਿਲੀ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਮਾਮਲੇ ‘ਚ ਇਹ ਵੀ ਪਤਾ ਲੱਗਾ ਹੈ ਕਿ ਬੋਨੀ ਕਪੂਰ ਤੋਂ ਕਿਸੇ ਨੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਨਹੀਂ ਮੰਗੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਫ਼ੋਨ ਆਇਆ ਸੀ। ਪਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਾਰਡ ਦੀ ਵਰਤੋਂ ਕਰਦੇ ਸਮੇਂ ਕਿਸੇ ਨੇ ਡੇਟਾ ਪ੍ਰਾਪਤ ਕੀਤਾ ਸੀ। 9 ਫਰਵਰੀ ਨੂੰ ਸਾਈਬਰ ਫਰਾਡ ਨੇ ਪੰਜ ਲੈਣ-ਦੇਣ ਕੀਤੇ ਅਤੇ ਬੋਨੀ ਦੇ ਖਾਤੇ ‘ਚੋਂ 3 ਲੱਖ 82 ਹਜ਼ਾਰ ਰੁਪਏ ਟਰਾਂਸਫਰ ਕਰ ਲਏ। ਮੁੱਢਲੀ ਜਾਣਕਾਰੀ ਮਿਲੀ ਹੈ ਕਿ ਬੋਨੀ ਕਪੂਰ ਦੇ ਖਾਤੇ ਵਿੱਚੋਂ ਪੈਸੇ ਗੁਰੂਗ੍ਰਾਮ ਦੀ ਇੱਕ ਕੰਪਨੀ ਦੇ ਖਾਤੇ ਵਿੱਚ ਗਏ ਹਨ।