ਇੱਕ ਲੰਬੀ ਉਡੀਕ ਤੋਂ ਬਾਅਦ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਨੇ ਮਹਿੰਗਾਈ ਖਿਲਾਫ ਵੀ ਇੱਕ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਦੱਸਿਆ ਕਿ 14 ਤੋਂ 29 ਨਵੰਬਰ ਵਿਚਕਾਰ ਕਾਂਗਰਸ ਮਹਿੰਗਾਈ ਦੇ ਖਿਲਾਫ ਇੱਕ ਜਨ ਅੰਦੋਲਨ ਆਯੋਜਿਤ ਕਰਨ ਜਾ ਰਹੀ ਹੈ। ਇਸ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹਮਲਾ ਕੀਤਾ ਜਾਵੇਗਾ।
ਸੀ ਡਬਲਯੂ ਸੀ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਅਸੀਂ ਤਿੰਨ ਮਤੇ ਪਾਸ ਕੀਤੇ ਹਨ। ਇਸ ਵਿੱਚ ਰਾਜਨੀਤਕ ਸਥਿਤੀ, ਮਹਿੰਗਾਈ ਅਤੇ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ ਦੇ ਮੁੱਦੇ ਸ਼ਾਮਿਲ ਹਨ। ਵੇਣੂਗੋਪਾਲ ਨੇ ਦੱਸਿਆ ਕਿ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ 1 ਨਵੰਬਰ ਤੋਂ ਸ਼ੁਰੂ ਹੋਵੇਗੀ, ਜੋ 31 ਮਾਰਚ, 2022 ਤੱਕ ਚੱਲੇਗੀ। ਕਾਂਗਰਸ ਦੇਸ਼ ਭਰ ਵਿੱਚ ਜਨਤਕ ਜਾਗਰੂਕਤਾ ਮੁਹਿੰਮ ਚਲਾਏਗੀ। ਇਹ ਮੁਹਿੰਮ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਚਲਾਈ ਜਾਵੇਗੀ।