ਡੁਨੇਡਿਨ ਨੇੜੇ ਚੂਹਿਆਂ ਵੱਲੋਂ ਇੱਕ ਫਾਈਬਰ ਕੇਬਲ ਨੂੰ ਕੱਟਣ ਤੋਂ ਬਾਅਦ ਦੱਖਣੀ ਟਾਪੂ ਦੇ ਕੁਝ ਹਿੱਸਿਆਂ ‘ਚ ਇੰਟਰਨੈੱਟ ਪੂਰੀ ਤਰਾਂ ਬੰਦ ਹੋ ਗਿਆ ਹੈ। ਗੋਰ ਅਤੇ ਬਾਲਕਲੂਥਾ ਦੇ ਵਿਚਕਾਰਲੇ ਖੇਤਰ ਵਿੱਚ ਇੱਕ ਠੇਕੇਦਾਰ (contractor ) ਨੇ ਸੈਕੰਡਰੀ ਕੇਬਲ ਨੂੰ ਵੀ ਕੱਟ ਦਿੱਤਾ ਸੀ। ਸਾਊਥਲੈਂਡ ਅਤੇ ਓਟਾਗੋ ਵਿੱਚ ਸੈਂਕੜੇ ਲੋਕਾਂ ਨੇ ਇੰਟਰਨੈੱਟ ਜਾਂ ਫ਼ੋਨ ਆਊਟੇਜ ਦੀ ਰਿਪੋਰਟ ਕੀਤੀ ਹੈ। ਵੈੱਬਸਾਈਟ ਡਾਊਨਡਿਟੈਕਟਰ ਨੇ ਸਵੇਰੇ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਨ ਨਿਊਜ਼ੀਲੈਂਡ, ਸਪਾਰਕ, 2 ਡਿਗਰੀ ਅਤੇ ਸਲਿੰਗਸ਼ਾਟ ਵਿੱਚ ਇੰਟਰਨੈੱਟ ਆਊਟੇਜ ਦੀਆਂ ਰਿਪੋਰਟਾਂ ਵਿੱਚ ਵਾਧਾ ਪਾਇਆ ਸੀ। ਵਨ ਨਿਊਜ਼ੀਲੈਂਡ ਨੇ ਕਿਹਾ ਕਿ ਇੰਜੀਨੀਅਰ ਡੁਨੇਡਿਨ ਵਿੱਚ ਇੰਟਰਨੈੱਟ ਅਤੇ ਮੋਬਾਈਲ ਸੇਵਾ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਸਨ।
ਕੰਪਨੀ ਨੇ ਕਿਹਾ ਕਿ, “ਇਹ ਦੋ ਅਲੱਗ-ਥਲੱਗ ਘਟਨਾਵਾਂ ਦੇ ਕਾਰਨ ਹੈ ਜਿੱਥੇ ਤੀਜੀ ਧਿਰ ਦੁਆਰਾ ਖੇਤਰ ਵਿੱਚ ਫਾਈਬਰ ਕੇਬਲਾਂ ਨੂੰ ਗਲਤੀ ਨਾਲ ਕੱਟ ਦਿੱਤਾ ਗਿਆ ਹੈ।” ਵਨ ਨਿਊਜ਼ੀਲੈਂਡ ਨੂੰ ਉਮੀਦ ਹੈ ਕਿ ਜਲਦੀ ਹੀ ਇੰਟਰਨੈੱਟ ਬਹਾਲ ਹੋ ਜਾਵੇਗਾ। ਇਸ ਦੌਰਾਨ, ਕੰਪਨੀ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਮੋਡਮ ਅਨਪਲੱਗ, ਪਾਵਰ ਆਫ ਜਾਂ ਰੀਸੈਟ ਨਹੀਂ ਕਰਨਾ ਚਾਹੀਦਾ।