ਸ਼ਨੀਵਾਰ ਨੂੰ ਵੈਲਿੰਗਟਨ ਹਵਾਈ ਅੱਡੇ ‘ਤੇ ਜਾਂਚਕਰਤਾਵਾਂ ਦੁਆਰਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਕਸਟਮ ਵਿਭਾਗ ਨੇ ਵਿਅਕਤੀ ਨੂੰ ਆਪਣੇ ਮੋਬਾਇਲ ਵਿੱਚ ਚਾਈਲਡ ਪੋਰਨੋਗ੍ਰਾਫੀ ਸਬੰਧੀ ਫ਼ਿਲਮਾਂ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੁੱਝ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਵਿਦੇਸ਼ੀ-ਅਧਾਰਤ ਸੋਸ਼ਲ ਮੀਡੀਆ ਚੈਟ ਪਲੇਟਫਾਰਮ ਨੇ ਨਿਊਜ਼ੀਲੈਂਡ ਕਸਟਮ ਨੂੰ ਕਥਿਤ ਬਾਲ ਸ਼ੋਸ਼ਣ ਅਪਰਾਧ ਲਈ ਸੁਚੇਤ ਕੀਤਾ ਸੀ। ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ 42 ਸਾਲਾ ਫਿਲਪੀਨ ਮੂਲ ਦਾ ਨਾਗਰਿਕ ਫਿਲੀਪੀਨਜ਼ ਵਿੱਚ ਛੁੱਟੀਆਂ ਮਨਾ ਕੇ ਵਾਪਿਸ ਆ ਰਿਹਾ ਸੀ ਜਦੋਂ ਕਸਟਮ ਜਾਂਚਕਰਤਾਵਾਂ ਦੁਆਰਾ ਉਸ ਦੀ ਤਲਾਸ਼ੀ ਲਈ ਗਈ ਅਤੇ ਉਸਦੇ ਦੋ ਫੋਨ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਪਾਏ ਜਾਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ।
ਹਾਲਾਂਕਿ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ, ਪਰ ਉਸ ਦੀ ਅਦਾਲਤ ਵਿੱਚ ਅਗਲੀ ਪੇਸ਼ੀ 13 ਫਰਵਰੀ, 2023 ਨੂੰ ਰੱਖੀ ਗਈ ਹੈ। ਇਸ ਵਿਅਕਤੀ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ ਤੇ ਕਈ ਇਲੈਕਟ੍ਰੋਨਿਕ ਉਪਕਰਣ ਜਬਤ ਕੀਤੇ ਗਏ ਹਨ। ਕਸਟਮ ਮੈਨੇਜਰ ਇਨਵੈਸਟੀਗੇਸ਼ਨ ਕੈਮ ਮੂਰ ਨੇ ਕਿਹਾ ਕਿ ਕਸਟਮ ਨੂੰ ਸ਼ੁਰੂਆਤੀ ਤੌਰ ‘ਤੇ ਵਿਦੇਸ਼ੀ-ਅਧਾਰਿਤ ਸੋਸ਼ਲ ਮੀਡੀਆ ਚੈਟ ਪਲੇਟਫਾਰਮ ਅਤੇ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (NCMEC) ਦੁਆਰਾ ਕਥਿਤ ਅਪਰਾਧ ਲਈ ਸੁਚੇਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ “ਬਦਕਿਸਮਤੀ ਨਾਲ, ਨਿਊਜ਼ੀਲੈਂਡ ਵਿੱਚ ਹਰ ਸਾਲ ਬੱਚਿਆਂ ਦੇ ਔਨਲਾਈਨ ਜਿਨਸੀ ਸ਼ੋਸ਼ਣ ਦੀ ਰਿਪੋਰਟਿੰਗ ਲਗਾਤਾਰ ਵਧਦੀ ਜਾ ਰਹੀ ਹੈ। ਇਹ ਘਿਨਾਉਣਾ ਅਪਰਾਧ ਹੈ। ਪੁਲਿਸ ਅਤੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਵਿੱਚ ਸਾਡੇ ਭਾਈਵਾਲਾਂ ਦੇ ਨਾਲ-ਨਾਲ ਕਸਟਮ, ਅਤੇ ਨਾਲ ਹੀ ਸਾਡੇ ਗਲੋਬਲ ਭਾਈਵਾਲ, ਇਸ ਅਪਰਾਧ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹਨ ਕਿਉਂਕਿ ਇਹ ਸਾਡੀਆਂ ਸਰਹੱਦਾਂ ਨੂੰ ਪਾਰ ਕਰਦਾ ਹੈ।”