ਪਟਿਆਲਾ ਮਾਮਲੇ ਵਿੱਚ ਸ਼ਿਵ ਸੈਨਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਆਪਣੇ ਹੀ ਆਗੂ ਨੂੰ ਬਰਖਾਸਤ ਕਰ ਦਿੱਤਾ ਹੈ। ਸ਼ਿਵ ਸੈਨਾ ਨੇ ਪਾਰਟੀ ਆਗੂ ਹਰੀਸ਼ ਸਿੰਗਲਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਟਿਆਲਾ ‘ਚ ਹਿੰਸਾ ਤੋਂ ਬਾਅਦ ਸ਼ਹਿਰ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਗਾਇਆ ਗਿਆ ਹੈ। ਪਟਿਆਲਾ ਪੁਲਿਸ ਨੇ ਕਿਹਾ ਹੈ ਕਿ ਹਿੰਸਾ ਦੇ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਜਾਵੇਗੀ ਅਤੇ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ। ਫਿਲਹਾਲ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਕਮੇਟੀ ਦੀ ਮੀਟਿੰਗ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹਿੰਸਾ ਤੋਂ ਬਾਅਦ ਸੀਐਮ ਨੇ ਮੀਟਿੰਗ ਵੀ ਕੀਤੀ।
ਪਟਿਆਲਾ ‘ਚ ਹੋਈ ਹਿੰਸਾ ਦੀ ਘਟਨਾ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਟਿਆਲਾ ‘ਚ ਝੜਪ ਦੀ ਘਟਨਾ ਬਹੁਤ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ , ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਸੂਬੇ ‘ਚ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ। ਮੁੱਖ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।