ਬੀਤੀ ਰਾਤ ਆਖਿਰ ਉਹੀ ਹੋਇਆ ਜਿਸ ਦੀ ਕਰੋੜਾਂ ਪ੍ਰਸ਼ੰਸਕਾਂ ਨੂੰ ਉਮੀਦ ਸੀ। ਜਿਸ ਦੀ ਚੇਨਈ ਸੁਪਰ ਕਿੰਗਜ਼ ਅਤੇ ਐਮਐਸ ਧੋਨੀ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ। ਦਰਅਸਲ ਚੇਨਈ ਸੁਪਰ ਕਿੰਗਜ਼ ਨੇ ਰੋਮਾਂਚਕ ਮੈਚ ‘ਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਆਈ.ਪੀ.ਐੱਲ. ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਰਵਿੰਦਰ ਜਡੇਜਾ ਨੇ ਆਖਰੀ ਦੋ ਗੇਂਦਾਂ ‘ਤੇ ਇੱਕ ਛੱਕਾ ਅਤੇ ਇੱਕ ਚੌਕਾ ਲਗਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ ਟੀਮ ਨੂੰ ਮੁੰਬਈ ਇੰਡੀਅਨਜ਼ ਦੇ ਬਰਾਬਰ ਪਹੁੰਚਾ ਦਿੱਤਾ। ਐਤਵਾਰ ਨੂੰ ਮੀਂਹ ਨੇ ਸਾਰਾ ਖੇਡ ਵਿਗਾੜ ਦਿੱਤਾ ਸੀ ਇੰਨ੍ਹਾਂ ਹੀ ਨਹੀਂ ਸੋਮਵਾਰ ਨੂੰ ਵੀ ਮੀਂਹ ਨੇ ਦਖਲ ਦਿੱਤਾ ਸੀ। ਗੁਜਰਾਤ ਦੀ ਪਾਰੀ ਪੂਰੇ 20 ਓਵਰਾਂ ਤੱਕ ਚੱਲੀ ਪਰ ਚੇਨਈ ਦੀ ਪਾਰੀ ਵਿੱਚ 3 ਗੇਂਦਾਂ ਦੇ ਬਾਅਦ ਹੀ ਮੀਂਹ ਆ ਗਿਆ ਸੀ। ਮੀਂਹ ਤਾਂ ਸਿਰਫ਼ 20 ਮਿੰਟਾਂ ਲਈ ਹੀ ਪਿਆ ਸੀ ਪਰ ਕਵਰ ਲਗਾਉਣ ਵਿੱਚ ਦੇਰੀ ਹੋਣ ਕਾਰਨ ਢਾਈ ਘੰਟੇ ਦਾ ਖੇਡ ਵਿਗੜ ਗਿਆ।