ਪੰਜਾਬ ਵਿੱਚ ਰਾਸ਼ਟਰਪਤੀ ਚੋਣਾਂ ਦੌਰਾਨ ਕਰਾਸ ਵੋਟਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਸਮਰਥਨ ਦੇ ਲਿਹਾਜ਼ ਨਾਲ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ 5 ਵੋਟਾਂ ਮਿਲਣੀਆਂ ਸਨ। ਪਰ, ਉਨ੍ਹਾਂ ਨੂੰ 8 ਵੋਟਾਂ ਮਿਲੀਆਂ ਹਨ। ਇਹ ਕਰਾਸ ਵੋਟਿੰਗ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਹੈ। ਜਿਸ ਕਾਰਨ ਹੁਣ ਦੋਵਾਂ ਧਿਰਾਂ ਵਿੱਚ ਹਲਚਲ ਮਚੀ ਹੋਈ ਹੈ। ਉੱਥੇ ਹੀ ਹੁਣ ਅੰਦਰੂਨੀ ਪੱਧਰ ‘ਤੇ ਜਾਂਚ ਸ਼ੁਰੂ ਹੋ ਗਈ ਹੈ ਕਿ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਕਿਸ ਨੇ ਵੋਟ ਪਾਈ ਹੈ। ਕਾਂਗਰਸ ਅਤੇ ‘ਆਪ’ ਨੇ ਯਸ਼ਵੰਤ ਸਿਨਹਾ ਦਾ ਸਮਰਥਨ ਕੀਤਾ ਸੀ।
ਸਮਝੋ ਕਿ ਕ੍ਰਾਸ ਵੋਟਿੰਗ ਕਿਵੇਂ ਹੋਈ
ਪੰਜਾਬ ਵਿਧਾਨ ਸਭਾ ਵਿੱਚ 117 ਵਿਧਾਇਕ ਹਨ। ਇਨ੍ਹਾਂ ਵਿੱਚੋਂ 92 ਆਮ ਆਦਮੀ ਪਾਰਟੀ, 18 ਕਾਂਗਰਸ, 3 ਅਕਾਲੀ ਦਲ, 2 ਭਾਜਪਾ, ਇੱਕ ਬਸਪਾ ਅਤੇ ਇੱਕ ਆਜ਼ਾਦ ਹੈ। ਇਸ ਲਿਹਾਜ਼ ਨਾਲ ਭਾਜਪਾ ਸਮਰਥਿਤ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ 6 ਵੋਟਾਂ ਮਿਲਣੀਆਂ ਸਨ ਕਿਉਂਕਿ ਭਾਜਪਾ ਅਤੇ ਅਕਾਲੀ-ਬਸਪਾ ਗਠਜੋੜ ਦੇ 6 ਵਿਧਾਇਕ ਬਣਦੇ ਹਨ। ਹਾਲਾਂਕਿ ਤਿੰਨ ਵਿਧਾਇਕਾਂ, ਅਕਾਲੀ ਦਲ ਦੇ ਮਨਪ੍ਰੀਤ ਇਆਲੀ, ਕਾਂਗਰਸ ਦੇ ਰਾਜਕੁਮਾਰ ਚੱਬੇਵਾਲ ਅਤੇ ਲਾਡੀ ਸ਼ੇਰੋਵਾਲੀਆ ਨੇ ਵੋਟ ਨਹੀਂ ਪਾਈ। ਇਸ ਤੋਂ ਬਾਅਦ ਐਨਡੀਏ ਸਮਰਥਿਤ ਮੁਰਮੂ ਨੂੰ ਸਿਰਫ਼ 5 ਵੋਟਾਂ ਹੀ ਮਿਲਣੀਆਂ ਸਨ। ਹੁਣ ਕੁੱਲ 114 ਵਿਧਾਇਕਾਂ ਨੇ ਵੋਟ ਪਾਈ। ਜਿਨ੍ਹਾਂ ਵਿੱਚੋਂ 5 ਅਯੋਗ ਹੋ ਗਏ। ਇਸ ਤੋਂ ਬਾਅਦ ਬਾਕੀ 109 ਵਿੱਚੋਂ ਯਸ਼ਵੰਤ ਸਿਨਹਾ ਨੂੰ 101 ਅਤੇ ਦ੍ਰੋਪਦੀ ਮੁਰਮੂ ਨੂੰ 8 ਵੋਟਾਂ ਮਿਲੀਆਂ ਹਨ।
ਆਪ ਅਤੇ ਕਾਂਗਰਸ ਵਿੱਚ ਹਲਚਲ ਕਿਉਂ?
ਜੇਕਰ ਦਰੋਪਦੀ ਮੁਰਮੂ ਨੂੰ 5 ਵੋਟਾਂ ਮਿਲਦੀਆਂ ਹਨ ਤਾਂ ਅਕਾਲੀ ਦਲ, ਭਾਜਪਾ ਅਤੇ ਬਸਪਾ ਨੂੰ ਮੰਨਿਆ ਜਾ ਸਕਦਾ ਹੈ। ਹੁਣ ਬਾਕੀ 3 ਵੋਟਾਂ ਕਿਸ ਨੇ ਪਈਆਂ ਇਸ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਚਾਲੇ ਬੇਚੈਨੀ ਹੈ। ਇਸ ਵਿੱਚ ਜੇਕਰ ਆਜ਼ਾਦ ਰਾਣਾ ਇੰਦਰ ਪ੍ਰਤਾਪ ਦੀ ਇੱਕ ਵੋਟ ਵੀ ਮੰਨ ਲਈ ਜਾਵੇ ਤਾਂ ਦੋ ਹੋਰ ਵੋਟਾਂ ਬਾਕੀ ਰਹਿ ਜਾਂਦੀਆਂ ਹਨ। ਹਾਲਾਂਕਿ ਰਾਣਾ ਦੇ ਪਿਤਾ ਰਾਣਾ ਗੁਰਜੀਤ ਕਾਂਗਰਸ ਦੇ ਵਿਧਾਇਕ ਹਨ।