[gtranslate]

ਮਾਰਚ ਵਿੱਚ ਮੌਸਮ ਨੇ ਮਚਾਈ ਤਬਾਹੀ, ਮੀਂਹ ਤੇ ਗੜੇਮਾਰੀ ਕਾਰਨ ਖੇਤਾਂ ‘ਚ ਵਿਛੀਆਂ ਫਸਲਾਂ

ਮਾਰਚ ਵਿੱਚ ਇੱਕ ਵਾਰ ਫਿਰ ਮੌਸਮ ਨੇ ਤਬਾਹੀ ਮਚਾ ਦਿੱਤੀ ਹੈ। ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਕਈ ਥਾਵਾਂ ‘ਤੇ ਮੀਂਹ ਅਤੇ ਗੜੇਮਾਰੀ ਹੋਈ ਹੈ। ਉੱਥੇ ਹੀ ਸ਼ਨੀਵਾਰ ਨੂੰ ਵੀ ਕਈ ਥਾਵਾਂ ‘ਤੇ ਮੀਹ ਪੈ ਰਿਹਾ ਹੈ। ਪੰਜਾਬ ਦੇ 22 ਜ਼ਿਲ੍ਹਿਆਂ ‘ਚ ਸਵੇਰ ਤੋਂ ਸ਼ਾਮ ਤੱਕ ਹੋਈ ਬਾਰਿਸ਼, ਕਈ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਜਦਕਿ ਪੰਜਾਬ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਵੀ ਹਰਿਆਣਾ ਦੇ ਜ਼ਿਆਦਾਤਰ ਜ਼ਿਲਿਆਂ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ ਹੈ। ਸਿਰਸਾ, ਫਤਿਹਾਬਾਦ ‘ਚ ਕੁੱਝ ਥਾਵਾਂ ‘ਤੇ ਭਾਰੀ ਗੜੇਮਾਰੀ ਵੀ ਹੋਈ ਹੈ। ਕਣਕ ਦੇ ਨਾਲ ਨਾਲ ਸਰ੍ਹੋਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਫ਼ਸਲ ’ਤੇ ਗੜੇ ਪਏ ਹਨ, ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਇੱਥੋਂ ਤੱਕ ਕਿ ਫ਼ਸਲ ਦੇ ਪਾਣੀ ਵਿੱਚ ਡੁੱਬਣ ਨਾਲ ਵੀ ਦਾਣਾ ਖ਼ਰਾਬ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲਗਾਤਾਰ ਮੀਂਹ, ਤੂਫਾਨ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 26 ਮਾਰਚ ਤੋਂ ਮੌਸਮ ਖੁਸ਼ਕ ਹੋ ਜਾਵੇਗਾ। ਸ਼ੁੱਕਰਵਾਰ ਨੂੰ ਫਾਜ਼ਿਲਕਾ ‘ਚ ਆਏ ਤੂਫਾਨ ਨੇ ਵੀ ਭਾਰੀ ਤਬਾਹੀ ਮਚਾਈ ਸੀ। ਇਸ ਕਾਰਨ ਮਕਾਨਾਂ ਦੀਆਂ ਕੰਧਾਂ ਡਿੱਗ ਗਈਆਂ ਅਤੇ ਲੋਕ ਜ਼ਖਮੀ ਹੋ ਗਏ। ਬਾਗਾਂ ਵਿੱਚ ਉੱਖੜੇ ਦਰੱਖਤ ਹਵਾ ਵਿੱਚ ਲਹਿਰਾਉਂਦੇ ਦੇਖੇ ਗਏ। ਮੁੱਖ ਮੰਤਰੀ ਨੇ ਕਿਹਾ ਹੈ ਕਿ ਮੀਂਹ ਕਾਰਨ ਜਿਨ੍ਹਾਂ ਦਾ ਘਰ ਢਹਿ ਗਿਆ ਹੈ, ਉਸ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।

Likes:
0 0
Views:
211
Article Categories:
India News

Leave a Reply

Your email address will not be published. Required fields are marked *