ਭਾਰਤੀ ਕ੍ਰਿਕਟਰ ਮਯੰਕ ਅਗਰਵਾਲ ਦੇ ਜਹਾਜ਼ ‘ਚ ਬੀਮਾਰ ਹੋਣ ‘ਤੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਕਰਨਾਟਕ ਦੇ ਕਪਤਾਨ ਮਯੰਕ ਅਗਰਵਾਲ, ਜੋ ਕਿ ਅਗਰਤਲਾ ‘ਚ ਰਣਜੀ ਟਰਾਫੀ ਮੈਚ ਖੇਡ ਕੇ ਆਪਣੀ ਟੀਮ ਨਾਲ ਵਾਪਿਸ ਆ ਰਹੇ ਸਨ, ਮੰਗਲਵਾਰ 30 ਜਨਵਰੀ ਨੂੰ ਜਹਾਜ਼ ‘ਚ ਸਵਾਰ ਹੁੰਦੇ ਹੀ ਬੀਮਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦਬਾਜ਼ੀ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ। ਆਈ.ਸੀ.ਯੂ. ਮਯੰਕ ਨੇ ਹੁਣ ਇਸ ਮਾਮਲੇ ‘ਚ ਸਭ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਗਲਤੀ ਨਾਲ ਪਾਣੀ ਸਮਝ ਕੇ ਕੋਈ ਜ਼ਹਿਰੀਲਾ ਤਰਲ ਪੀ ਲਿਆ ਸੀ। ਮਯੰਕ ਨੇ ਇਹ ਵੀ ਦੱਸਿਆ ਕਿ ਇਹ ਤਰਲ ਪਦਾਰਥ ਉਨ੍ਹਾਂ ਦੀ ਸੀਟ ‘ਤੇ ਰੱਖਿਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਮਯੰਕ ਦੇ ਵੱਲੋਂ ਅਗਰਤਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਕਰਨਾਟਕ ਦੀ ਟੀਮ ਪਿਛਲੇ ਕੁਝ ਦਿਨਾਂ ਤੋਂ ਅਗਰਤਲਾ ‘ਚ ਸੀ, ਜਿੱਥੇ ਰਣਜੀ ਟਰਾਫੀ ਮੈਚ ‘ਚ ਉਸ ਦਾ ਸਾਹਮਣਾ ਤ੍ਰਿਪੁਰਾ ਨਾਲ ਸੀ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਕਰਨਾਟਕ ਦੀ ਟੀਮ ਮੰਗਲਵਾਰ ਨੂੰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਰਾਹੀਂ ਦਿੱਲੀ ਦੇ ਰਸਤੇ ਸੂਰਤ ਲਈ ਰਵਾਨਾ ਹੋਈ ਸੀ, ਜਿੱਥੇ ਉਸ ਦਾ ਅਗਲਾ ਮੈਚ ਰੇਲਵੇ ਨਾਲ ਹੋਵੇਗਾ। ਜਹਾਜ਼ ‘ਚ ਕਰਨਾਟਕ ਦੇ ਸਾਰੇ ਖਿਡਾਰੀ ਬੈਠੇ ਸਨ ਪਰ ਅਚਾਨਕ ਮਯੰਕ ਦੀ ਸਿਹਤ ਵਿਗੜ ਗਈ। ਪੀਟੀਆਈ ਦੀ ਰਿਪੋਰਟ ਮੁਤਾਬਕ ਮਯੰਕ ਅਗਰਵਾਲ ਨੇ ਜਹਾਜ਼ ‘ਚ ਇਕ ਥੈਲੀ ‘ਚੋਂ ਕੁਝ ਪੀਤਾ, ਜਿਸ ਤੋਂ ਬਾਅਦ ਮਯੰਕ ਨੂੰ ਮੂੰਹ ‘ਚ ਜਲਨ ਮਹਿਸੂਸ ਹੋਣ ਲੱਗੀ ਅਤੇ ਫਿਰ ਮਯੰਕ ਨੂੰ ਤੁਰੰਤ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ।