ਬੀਤੀ 8 ਅਗਸਤ ਨੂੰ ਖੇਡਾਂ ਦਾ ਮਹਾਕੁੰਭ ਯਾਨੀ ਕਿ ਓਲੰਪਿਕ ਖੇਡਾਂ ਸਮਾਪਤ ਹੋ ਗਈਆਂ ਹਨ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਟੋਕੀਓ ਓਲੰਪਿਕ 2020 ਦੀ ਵੱਡੀ ਸਫਲਤਾ ਤੋਂ ਬਾਅਦ, ਹੁਣ ਸਾਰਿਆਂ ਦੀਆਂ ਨਜ਼ਰਾਂ ਆਗਾਮੀ ਓਲੰਪਿਕਸ ‘ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ-ICC) ਨੇ ਪੁਸ਼ਟੀ ਕੀਤੀ ਹੈ ਕਿ ਸਾਲ 2028 ਵਿੱਚ ਹੋਣ ਵਾਲੇ ਲਾਸ ਏਂਜਲਸ ਓਲੰਪਿਕਸ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਈਸੀਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਵਰਕਿੰਗ ਗਰੁੱਪ ਦਾ ਗਠਨ ਕੀਤਾ ਗਿਆ ਹੈ, ਜੋ ਓਲੰਪਿਕ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੋਵੇਗਾ। ਓਲੰਪਿਕ 2028, 2032 ਅਤੇ ਆਉਣ ਵਾਲੇ ਹੋਰ ਓਲੰਪਿਕਸ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੇ ਯਤਨ ਕੀਤੇ ਜਾਣਗੇ।
ICC can confirm its intention to push for cricket's inclusion in the @Olympics, with the 2028 Games in Los Angeles being the primary target.
More details 👇
— ICC (@ICC) August 10, 2021
ਆਈਸੀਸੀ ਨੇ ਕਿਹਾ ਹੈ ਕਿ ਲੱਗਭਗ 30 ਮਿਲੀਅਨ ਕ੍ਰਿਕਟ ਪ੍ਰਸ਼ੰਸਕ ਅਮਰੀਕਾ ਵਿੱਚ ਰਹਿੰਦੇ ਹਨ, ਇਸ ਲਈ ਅਸੀਂ 2028 ਵਿੱਚ ਹੋਣ ਵਾਲੇ ਓਲੰਪਿਕਸ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਇਹ ਬਹੁਤ ਲਾਭਦਾਇਕ ਸਾਬਿਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਕ੍ਰਿਕਟ ਨੂੰ ਸਿਰਫ ਇੱਕ ਵਾਰ ਓਲੰਪਿਕ ਵਿੱਚ ਸ਼ਾਮਿਲ ਕੀਤਾ ਗਿਆ ਸੀ, ਉਹ ਵੀ ਸਿਰਫ ਦੋ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਅੱਜ ਦੇ ਸਮੇਂ ਵਿੱਚ, ਜਦੋਂ ਭਾਰਤੀ ਮਹਾਂਦੀਪ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕ੍ਰਿਕਟ ਬਹੁਤ ਮਸ਼ਹੂਰ ਹੋ ਗਈ ਹੈ, ਤਾਂ ਇਸ ਨੂੰ ਓਲੰਪਿਕ ਵਿੱਚ ਸ਼ਾਮਿਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਿਲ ਕਰਨ ਦੀ ਮੰਗ ਉੱਠ ਰਹੀ ਹੈ, ਭਾਰਤ ਦੀ ਤਰਫੋਂ, ਬੀਸੀਸੀਆਈ ਨੇ ਇਹ ਵੀ ਕਿਹਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਭਾਰਤ ਨਿਸ਼ਚਤ ਰੂਪ ਤੋਂ ਇਸ ਵਿੱਚ ਹਿੱਸਾ ਲਵੇਗਾ। ਹੁਣ ਜਦੋਂ ਟੋਕੀਓ ਓਲੰਪਿਕ 2020 ਖ਼ਤਮ ਹੋਣ ਤੋਂ ਬਾਅਦ ਪੈਰਿਸ ਓਲੰਪਿਕਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਤਾਂ ਨਜ਼ਰਾਂ ਭਵਿੱਖ ‘ਤੇ ਹਨ।