ਆਪਣੇ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨਾ ਇੱਕ ਮਾਲਕ ਨੂੰ ਕਾਫੀ ਜਿਆਦਾ ਮਹਿੰਗਾ ਪਿਆ ਹੈ। ਅਦਾਲਤ ਨੇ ਆਪਣੇ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਮਾਲਕ ਨੂੰ $50,000 ਦਾ ਜੁਰਮਾਨਾ ਠੋਕਿਆ ਹੈ। ‘ਜਾਪਾਨੀ ਕਾਰ ਪਾਰਟਸ’ ਕੰਪਨੀ ‘ਚ ਕੰਮ ਕਰਨ ਵਾਲੇ 21 ਸਾਲਾ ਕਰਟਨੀ ਬਰੁਕ ਨੇ ਉਸ ਨੂੰ ਕੰਮ ਦੌਰਾਨ ਸ਼ਰੀਰਿਕ, ਮਾਨਸਿਕ ਤੌਰ ‘ਤੇ ਬਹੁਤ ਜਿਆਦਾ ਪ੍ਰਤਾੜਿਤ ਕਰਨ ਦੇ ਦੋਸ਼ ਲਗਾਏ ਸੀ। ਜਿਸ ਕਾਰਨ ਉਸ ਨੇ ਸਿਰਫ 14 ਹਫਤਿਆ ਬਾਅਦ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੰਪਨੀ ਡਾਇਰਕੈਟਰ ਅਲ ਹਸਨੀ ‘ਤੇ ਈ ਆਰ ਏ ਵਿੱਚ ਇਹ ਦੋਸ਼ ਲਾਏ ਗਏ ਸਨ, ਕਿ ਉਹ ਦੂਜਿਆਂ ਕਰਮਚਾਰੀਆਂ ਸਾਹਮਣੇ ਵੀ ਕਰਟਨੀ ਨੂੰ ਜਲੀਲ ਕਰਦਾ ਸੀ ਤੇ ਇੱਥੋਂ ਤੱਕ ਕਿ ਉਸਨੂੰ ਰੈਸਟ ਬ੍ਰੈਕ ਲੈਣ ਦੀ ਇਜਾਜਤ ਵੀ ਨਹੀਂ ਮਿਲਦੀ ਸੀ। ਇੱਥੇ ਹੀ ਬੱਸ ਨਹੀਂ ਕਰਟਨੀ ਨੇ ਕਿਹਾ ਕਿ ਬਿਮਾਰੀ ਮੌਕੇ ਛੁੱਟੀ ਲੈਣ ‘ਤੇ ਵੀ ਉਸਨੂੰ ਦਫਤਰ ਬੁਲਾਇਆ ਗਿਆ ਸੀ। ਕਰਟਨੀ ਨੇ ਤਨਖਾਹ ਅਤੇ ਜੋਬ ਐਗਰੀਮੈਂਟ ਵਿੱਚ ਵੀ ਕਈ ਤਰੁੱਟੀਆਂ ਦੇ ਦੋਸ਼ ਲਗਾਏ ਸੀ। ਇਸੇ ਮਾਮਲੇ ਦੀ ਸੁਣਵਾਈ ਕਰਦਿਆਂ ਹੁਣ ਈ ਆਰ ਏ ਨੇ ਉਸ ਦੇ ਮਾਲਕ ਨੂੰ $50,290 ਅਦਾ ਕਰਨ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਕਰਟਨੀ ਦੀਆਂ ਬਣਦੀਆਂ ਤਨਖਾਹਾਂ, ਜੁਰਮਾਨੇ ਤੇ ਮੁਆਵਜਾ ਵੀ ਸ਼ਾਮਿਲ ਹੈ।
