NZ Post ਦੀ ਲੇਟਲਤੀਫੀ ਦੀ ਸਜ਼ਾ ਇੱਕ ਨਿਊਜ਼ੀਲੈਂਡ ਰਹਿੰਦੇ ਇੱਕ ਪੰਜਾਬੀ ਜੋੜੇ ਨੂੰ ਭੁਗਤਣੀ ਪੈ ਰਹੀ ਹੈ। ਦਰਅਸਲ ਇਹ ਜੋੜਾ ਸੱਤ ਸਾਲਾਂ ਤੋਂ ਆਪਣੇ ਪੁੱਤ ਲਈ ਜਨਮਦਿਨ ਦੇ ਤੋਹਫ਼ੇ ਇਕੱਠੇ ਕਰ ਰਿਹਾ ਹੈ, ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਉਹ 7 ਸਾਲ ਮਗਰੋਂ ਨਿਊਜ਼ੀਲੈਂਡ ‘ਚ ਆਪਣੇ ਪੁੱਤ ਦਾ ਜਨਮਦਿਨ ਮਨਾਉਣਗੇ। ਪਰ ਦਲਜੀਤ ਸਿੰਘ ਅਤੇ ਰਮਨਦੀਪ ਸਿੱਧੂ ਨੂੰ NZ ਪੋਸਟ ਰਾਹੀਂ ਭੇਜੇ ਗਏ ਅਹਿਮ ਦਸਤਾਵੇਜ਼ ਟਰਾਂਜ਼ਿਟ ਵਿੱਚ ਹੀ ਫਸੇ ਹੋਏ ਹਨ। ਜਿਸ ਕਾਰਨ ਇਸ ਵਾਰ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਨਜ਼ਰ ਆ ਰਹੀ ਹੈ।
ਸਿੱਧੂ ਨੇ ਕਿਹਾ ਕਿ NZ ਪੋਸਟ ਦੀ ਇਸ ਮਾਮਲੇ ਦੀ ਤਤਕਾਲਤਾ ਉਨ੍ਹਾਂ ਨੂੰ ਦੁਖੀ ਕਰਨ ਵਾਲੀ ਹੈ। ਦਰਅਸਲ ਜੋੜੇ ਨੂੰ 2017 ਵਿੱਚ ਵੀਜ਼ਾ ਸਮੱਸਿਆਵਾਂ ਕਾਰਨ ਭਾਰਤ ਵਿੱਚ ਆਪਣੇ 6 ਮਹੀਨੇ ਦੇ ਬੱਚੇ ਨੂੰ ਦਾਦਾ-ਦਾਦੀ ਕੋਲ ਛੱਡਣਾ ਪਿਆ ਸੀ। ਦਲਜੀਤ ਨੇ ਆਪਣੇ ਪੁੱਤ ਨੂੰ ਉਦੋਂ ਤੋਂ ਨਹੀਂ ਦੇਖਿਆ ਹੈ। ਜਦਕਿ ਮਾਂ ਨੇ ਆਪਣੇ ਪੁੱਤ ਨਾਲ ਆਖਰੀ ਵਾਰ 2019 ਵਿੱਚ ਆਪਣੀ ਭਾਰਤ ਫੇਰੀ ਦੌਰਾਨ ਥੋੜ੍ਹਾ ਸਮਾਂ ਬਿਤਾਇਆ ਸੀ, ਪਰ ਉਸਦੀ ਬਿਮਾਰੀ, ਵੀਜ਼ਾ ਮੁੱਦੇ ਅਤੇ ਕੋਵਿਡ ਲੌਕਡਾਊਨ ਨੇ ਜੋੜੇ ਨੂੰ ਆਪਣੇ ਇਕਲੌਤੇ ਬੱਚੇ ਤੋਂ ਤਿੰਨ ਹੋਰ ਸਾਲਾਂ ਲਈ ਦੂਰ ਰੱਖਿਆ।
2022 ਵਿੱਚ ਦਲਜੀਤ ਸਿੰਘ ਨੇ NZ ਰੈਜ਼ੀਡੈਂਸੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੁੱਤ ਨੂੰ ਘਰ ਲਿਆਉਣ ਲਈ ਆਪਣੇ ਬੇਟੇ ਦੇ ਭਾਰਤੀ ਪਾਸਪੋਰਟ ਨੂੰ ਨਵਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਜੋੜੇ ਨੇ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਪਾਸਪੋਰਟ ਦਫਤਰ ਵਿੱਚ ਕਈ ਵਾਰ ਗੇੜੇ ਲਏ ਅਤੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਪਾਸਪੋਰਟ ਦੇ ਨਵੀਨੀਕਰਨ ਲਈ ਸਹੀ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਵਿੱਚ ਹੀ ਮਹੀਨੇ ਲੱਗ ਗਏ। ਅਸੀਂ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਘੱਟੋ-ਘੱਟ ਤਿੰਨ ਸਰਕਾਰੀ ਏਜੰਸੀਆਂ ਨਾਲ ਸੰਪਰਕ ਕੀਤਾ ਹੈ।
ਗਿਸਬੋਰਨ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੀ ਰਮਨਦੀਪ ਸਿੱਧੂ ਨੇ ਕਿਹਾ, “ਭਾਰਤ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਕਾਲ ਕਰਨ ਦੇ ਚੱਕਰਾਂ ‘ਚ ਅਸੀਂ ਕਈ ਰਾਤਾਂ ਦੀ ਨੀਂਦ ਗਵਾਈ ਹੈ।” ਉਨ੍ਹਾਂ ਕਿਹਾ ਕਿ “ਅਸੀਂ 28 ਨਵੰਬਰ ਨੂੰ ਇੱਕ ਟਰੈਕ ਕੀਤਾ ਅੰਤਰਰਾਸ਼ਟਰੀ ਕੋਰੀਅਰ ਭੇਜਿਆ ਸੀ, ਇਹ ਮੰਨਦੇ ਹੋਏ ਕਿ ਇਹ 13 ਦਿਨਾਂ ਦੇ ਅੰਦਰ ਆ ਜਾਵੇਗਾ, ਜਿਵੇਂ ਕਿ NZ ਪੋਸਟ ਦੁਆਰਾ ਆਪਣੀ ਵੈਬਸਾਈਟ ‘ਤੇ ਵਾਅਦਾ ਕੀਤਾ ਗਿਆ ਸੀ। ਪ੍ਰ੍ਰ ਇਹ ਕੋਰੀਅਰ ਅਜੇ ਰਸਤੇ ‘ਚ ਹੀ ਫਸਿਆ ਹੋਇਆ ਹੈ।” ਉਨ੍ਹਾਂ ਕਿਹਾ ਕਿ ਅਸੀਂ 11 ਦਸੰਬਰ ਤੱਕ ਟਰਾਂਜ਼ਿਟ ਵਿੱਚ ਫਸੇ ਹੋਏ ਦਸਤਾਵੇਜ਼ ਦੇਖੇ ਤਾਂ ਉਨ੍ਹਾਂ ਨੇ NZ ਪੋਸਟ ਨੂੰ ਫੋਨ ਕਰਕੇ ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਲਈ ਬੇਨਤੀ ਕੀਤੀ ਸੀ। ਇਸ ਮਗਰੋਂ NZ ਪੋਸਟ ਨੇ ਸ਼ੁਰੂ ਵਿੱਚ [11 ਦਸੰਬਰ ਨੂੰ] ਉਨ੍ਹਾਂ ਕਿਹਾ ਸੀ ਕਿ ਸਿੰਗਾਪੁਰ ਵਿੱਚ 8-10 ਦਿਨਾਂ ਦੀ ਦੇਰੀ ਹੋ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ “ਹੁਣ ਵੀ, ਜਿਵੇਂ ਕਿ 10 ਦਿਨ ਬੀਤ ਚੁੱਕੇ ਹਨ, NZ ਪੋਸਟ ਦਾ ਟਰੈਕਰ ਦਿਖਾਉਂਦਾ ਹੈ ਕਿ ਦਸਤਾਵੇਜ਼ ਅਜੇ ਵੀ ਸਿੰਗਾਪੁਰ ਵਿੱਚ ਹਨ। ਉਨ੍ਹਾਂ ਨੇ ਹੁਣ ਸਾਡੀਆਂ ਕਾਲਾਂ ਚੁੱਕਣੀਆਂ ਬੰਦ ਕਰ ਦਿੱਤੀਆਂ ਹਨ। ਉਹ ਸਾਨੂੰ ਈਮੇਲਾਂ ‘ਤੇ ਲਿਖਤੀ ਰੂਪ ਵਿੱਚ ਵੀ ਕੋਈ ਜਵਾਬ ਨਹੀਂ ਦੇ ਰਹੇ ਹਨ।” ਦਲਜੀਤ ਸਿੰਘ ਨੇ ਕਿਹਾ ਕਿ ਪਾਸਪੋਰਟ ਦਫ਼ਤਰ ‘ਚ ਉਨ੍ਹਾਂ ਦੇ ਪੁੱਤਰ ਦੀ ਅਗਲੀ ਤਰੀਕ 2 ਜਨਵਰੀ ਨੂੰ ਹੈ ਅਤੇ ਜੇਕਰ ਪਰਿਵਾਰ ਇਸ ਤਰੀਕ ਤੋਂ ਖੁੰਝ ਜਾਂਦਾ ਹੈ ਤਾਂ ਉਸ ਦੀ ਵਾਪਸੀ ‘ਚ ਛੇ ਮਹੀਨੇ ਦੀ ਦੇਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ, “ਜੇਕਰ ਮੇਰਾ ਪਰਿਵਾਰ ਇਸ ਤਰੀਕ ‘ਤੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਤਾਂ ਅਗਲੀ ਤਰੀਕ ‘ਚ ਘੱਟੋ-ਘੱਟ 3 ਮਹੀਨੇ ਲੱਗ ਜਾਣਗੇ।”
“ਇਸ ਨਾਲ ਉਨ੍ਹਾਂ ਦੇ ਪੁੱਤਰ ਦੇ ਪਾਸਪੋਰਟ ਨੂੰ ਜਾਰੀ ਕਰਨ ਅਤੇ ਫਿਰ ਨਿਊਜ਼ੀਲੈਂਡ ਦਾ ਵੀਜ਼ਾ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਘੱਟੋ-ਘੱਟ ਛੇ ਮਹੀਨੇ ਹੋਰ ਅੱਗੇ ਲੱਗਣਗੇ।” ਉਨ੍ਹਾਂ ਦੱਸਿਆ ਕਿ ਵਿੱਤੀ ਰੁਕਾਵਟਾਂ ਦੇ ਕਾਰਨ ਅਸੀਂ 2022 ਵਿੱਚ ਅੰਤਰਰਾਸ਼ਟਰੀ ਸਰਹੱਦਾਂ ਦੇ ਮੁੜ ਖੁੱਲ੍ਹਣ ਤੋਂ ਬਾਅਦ ਵੀ ਭਾਰਤ ਨਹੀਂ ਆ ਸਕੇ ਸੀ। ਪਰ ਹੁਣ ਉਹ ਚਾਹੁੰਦੇ ਹਨ ਕਿ ਅਪ੍ਰੈਲ 2024 ਵਿੱਚ ਉਹ ਆਪਣੇ ਬੇਟੇ ਦਾ ਅਗਲਾ ਜਨਮਦਿਨ ਨਿਊਜ਼ੀਲੈਂਡ ‘ਚ ਇਕੱਠਿਆਂ ਮਨਾਉਣ। ਸਿੱਧੂ ਨੇ ਕਿਹਾ, ”ਨਵੇਂ ਸਾਲ ‘ਤੇ ਮੈਂ ਸਿਰਫ਼ ਆਪਣੇ ਬੇਟੇ ਨੂੰ ਦੇਖਣਾ ਚਾਹੁੰਦੀ ਹਾਂ।