ਕਹਿੰਦੇ ਹਨ ਕਿ ਵਿਆਹ ਇੱਕ ਵਾਰ ਹੀ ਹੁੰਦਾ ਹੈ ਅਤੇ ਇਸ ਦਿਨ ਵੀ ਜੇਕਰ ਕੋਈ ਮਸਲਾ ਆ ਜਾਵੇ ਤਾਂ ਸਾਰਾ ਮਜ਼ਾ ਹੀ ਖਰਾਬ ਹੋ ਜਾਣਾ ਯਕੀਨੀ ਹੈ। ਤਿੰਨ ਸਾਲ ਪਹਿਲਾਂ ਚੰਡੀਗੜ੍ਹ ਦੇ ਰਹਿਣ ਵਾਲੇ ਅਮਨਦੀਪ ਜੋਸ਼ੀ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਸੀ। ਅਮਨਦੀਪ ਨੇ ਦਿੱਲੀ ਦੀ ਇੱਕ ਹਵਾਬਾਜ਼ੀ ਕੰਪਨੀ ਤੋਂ ਆਪਣੇ ਵਿਆਹ ਲਈ ਹੈਲੀਕਾਪਟਰ ਬੁੱਕ ਕਰਵਾਇਆ ਸੀ, ਪਰ ਕੰਪਨੀ ਨੇ ਆਖਰੀ ਸਮੇਂ ‘ਤੇ ਧੋਖਾ ਦਿੱਤਾ ਅਤੇ ਹੈਲੀਕਾਪਟਰ ਦੀ ਸੇਵਾ ਹੀ ਨਹੀਂ ਦਿੱਤੀ। ਬਾਅਦ ਵਿੱਚ ਅਮਨਦੀਪ ਖਪਤਕਾਰ ਕਮਿਸ਼ਨ ਕੋਲ ਪਹੁੰਚਿਆ, ਜਿੱਥੇ ਤਿੰਨ ਸਾਲਾਂ ਬਾਅਦ ਕਮਿਸ਼ਨ ਨੇ ਆਪਣਾ ਫੈਸਲਾ ਸੁਣਾਉਂਦਿਆਂ ਕੰਪਨੀ ਨੂੰ ਜੁਰਮਾਨੇ ਸਮੇਤ ਪੇਸ਼ਗੀ ਰਕਮ ਵਾਪਿਸ ਕਰਨ ਦੇ ਹੁਕਮ ਦਿੱਤੇ ਹਨ।
ਚੰਡੀਗੜ੍ਹ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਸ਼ਿਕਾਇਤ ਦੇ ਆਧਾਰ ‘ਤੇ ਕੰਪਨੀ ‘ਤੇ 33,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਕਮਿਸ਼ਨ ਨੇ ਕੰਪਨੀ ਨੂੰ ਐਡਵਾਂਸ ਵਿੱਚ ਦਿੱਤੇ ਚਾਰ ਲੱਖ ਰੁਪਏ ਵਾਪਿਸ ਕਰਨ ਦੇ ਵੀ ਹੁਕਮ ਦਿੱਤੇ ਹਨ। ਚੰਡੀਗੜ੍ਹ ਦੇ ਰਹਿਣ ਵਾਲੇ ਅਮਨਦੀਪ ਜੋਸ਼ੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਦਿੱਲੀ ਸਥਿਤ ਜੈੱਟ ਸਰਵ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਨਾਲ ਆਪਣੇ ਵਿਆਹ ਵਾਲੇ ਦਿਨ ਜਲੰਧਰ ਤੋਂ ਊਨਾ ਅਤੇ ਊਨਾ ਤੋਂ ਗੁੜਗਾਉਂ ਦੇ ਜੇਐੱਸਏ ਹੈਲੀਪੈਡ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਈ ਸੀ, ਪਰ ਕੰਪਨੀ ਨੇ ਸੇਵਾ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਦਾ ਵਿਆਹ 2019 ‘ਚ 23 ਫਰਵਰੀ ਨੂੰ ਹੋਇਆ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਮਨਦੀਪ ਨੇ ਦੱਸਿਆ ਕਿ ਜੈੱਟਸਰਵ ਪ੍ਰਾਈਵੇਟ ਲਿਮਟਿਡ ਨੇ ਉਸ ਨੂੰ 420375 ਰੁਪਏ ਦੀ ਪੂਰੀ ਬੁਕਿੰਗ ਰਕਮ ਦੇ ਨਾਲ ਇੱਕ ਈਮੇਲ ਭੇਜੀ ਸੀ, ਜਿਸ ਵਿੱਚ ਉਡਾਣ ਦੀਆਂ ਤਾਰੀਖਾਂ, ਯਾਤਰਾ ਯੋਜਨਾਵਾਂ, ਘੰਟੇ ਦੀ ਉਡਾਣ ਦੀਆਂ ਦਰਾਂ ਅਤੇ ਖਰਚੇ ਸ਼ਾਮਿਲ ਸਨ। ਉਸ ਨੇ ਦੱਸਿਆ ਕਿ 24 ਜਨਵਰੀ 2019 ਨੂੰ ਉਸ ਨੇ ਕੰਪਨੀ ਨੂੰ ਇੱਕ ਲੱਖ ਰੁਪਏ ਐਡਵਾਂਸ ਦੇ ਦਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੈਲੀਕਾਪਟਰ ਦੇ ਸੁਰੱਖਿਅਤ ਟੇਕ-ਆਫ ਅਤੇ ਲੈਂਡਿੰਗ ਲਈ ਸਬੰਧਿਤ ਅਥਾਰਟੀ ਤੋਂ ਇਜਾਜ਼ਤ ਲੈ ਲਈ ਸੀ। ਰਿਪੋਰਟ ਮੁਤਾਬਿਕ 30 ਨਵੰਬਰ ਨੂੰ ਕਮਿਸ਼ਨ ਨੇ ਆਪਣੇ ਫੈਸਲੇ ‘ਚ ਜੈੱਟਸਰਵ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਅਤੇ ਐਰੋਲੋਜਿਕ ਐਵੀਏਸ਼ਨ ਸਲਿਊਸ਼ਨ ਲਿਮਟਿਡ ਨੂੰ 25,000 ਰੁਪਏ ਦੇ ਮੁਆਵਜ਼ੇ ਦੇ ਨਾਲ 4 ਲੱਖ ਰੁਪਏ ਦੀ ਐਡਵਾਂਸ ਰਾਸ਼ੀ ਵਾਪਿਸ ਕਰਨ ਦਾ ਹੁਕਮ ਦਿੱਤਾ ਸੀ।
ਅਮਨਦੀਪ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਵਿਆਹ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਤਿੰਨ ਲੱਖ ਰੁਪਏ ਦੀ ਹੋਰ ਰਕਮ ਅਦਾ ਕੀਤੀ ਸੀ ਅਤੇ ਬਾਕੀ ਦੀ ਰਕਮ ਵੀ ਨਹੀਂ ਦਿੱਤੀ | ਇੰਨਾ ਹੀ ਨਹੀਂ, ਬਾਅਦ ਵਿੱਚ ਕੰਪਨੀ ਨੇ ਈਮੇਲ ਅਤੇ ਕਾਲ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਅਮਨਦੀਪ ਚੰਡੀਗੜ੍ਹ ਸਥਿਤ ਖਪਤਕਾਰ ਕਮਿਸ਼ਨ ਕੋਲ ਪਹੁੰਚਿਆ।