ਜਿਵੇਂ-ਜਿਵੇਂ 2022 ਅਤੇ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਓਦਾਂ-ਓਦਾਂ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ। ਇਸ ਵਿਚਾਲੇ ਹੁਣ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਦਾ ਪਾਰਟੀ ਹਾਈਕਮਾਨ ਨੇ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਸਾਬਕਾ ਮੰਤਰੀ ਬਲਬੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਚੋਣ ਤੋਂ ਐਨ ਪਹਿਲਾਂ ਪਾਰਟੀ ਵਿੱਚ ਰੁਸੇ ਹੋਏ ਚਿਹਰੇ ਦੂਜੀ ਪਾਰਟੀ ਦਾ ਰੁਖ਼ ਨਾ ਕਰਨ।
ਖਾਸ ਗੱਲ ਇਹ ਹੈ ਕਿ ਹਾਈਕਮਾਨ ਵੱਲੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਂਬਰ ਵਜੋਂ ਜਗ੍ਹਾ ਦਿੱਤੀ ਗਈ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੂਬਾਈ ਚੋਣ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸਿੱਧੂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਅੰਬਿਕਾ ਸੋਨੀ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਆਗੂ ਤੇ ਸੰਸਦ ਮੈਂਬਰ ਸ਼ਾਮਲ ਹਨ।