ਪੰਜਾਬ ਦੇ ਜਲੰਧਰ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਪਾਰਟੀ ਨੇ ਦੂਜੀਆਂ ਪਾਰਟੀਆਂ ਵਿੱਚ ਪਾੜ ਪਾਉਣ ਦੀ ਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਲਗਾਤਾਰ ਦੂਜੇ ਹਫ਼ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਲਕਾ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਦੇ ਖਾਸ ਮੰਨੇ ਜਾਂਦੇ ਕੌਂਸਲਰ ਨਿਰਮਲ ਸਿੰਘ ਨਿੰਮਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਹੋਰਨਾਂ ਪਾਰਟੀਆਂ ਤੋਂ ਆਏ ਆਗੂਆਂ ਦੇ ਸ਼ਾਮਿਲ ਹੋਣ ਦਾ ਪ੍ਰੋਗਰਾਮ ਸਰਕਟ ਹਾਊਸ ਵਿੱਚ ਰੱਖਿਆ ਗਿਆ ਸੀ। ਜਿਸ ਵਿੱਚ ਹਲਕਾ ਜਲੰਧਰ ਦੇ ਇੰਚਾਰਜ ਮੰਤਰੀ ਇੰਦਰਬੀਰ ਸਿੰਘ ਨਿੱਝਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਕੇਂਦਰੀ ਵਿਧਾਇਕ ਰਮਨ ਅਰੋੜਾ, ਪੱਛਮੀ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉੱਤਰੀ ਇੰਚਾਰਜ ਦਿਨੇਸ਼ ਢੱਲ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਲਈ ਖੁਦ ਮੰਤਰੀ ਨਿੱਝਰ ਦੇ ਨਾਲ ਖੜ੍ਹੇ ਸਨ।