ਮਾਸਕੋ ਦੇ ਇੱਕ ਖਚਾਖਚ ਭਰੇ ਕੰਸਰਟ ਹਾਲ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਸਿਰਫ 9 ਲੱਖ ਰੁਪਏ ਲਈ 145 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਹ ਅੱਤਵਾਦੀ ਹਮਲੇ ਤੋਂ ਬਾਅਦ ਯੂਕਰੇਨ ਭੱਜਣ ਵਾਲੇ ਸਨ। ਇਸ ਦੇ ਲਈ ਉਨ੍ਹਾਂ ਨੇ ਦੋ ਰਸਤੇ ਚੁਣੇ ਸਨ। ਸਰਹੱਦ ‘ਤੇ ਇੱਕ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਸੀ ਜੋ ਅੱਤਵਾਦੀਆਂ ਨੂੰ ਯੂਕਰੇਨ ਦੀ ਸਰਹੱਦ ‘ਚ ਦਾਖਲ ਹੋਣ ਦੇਵੇਗਾ। ਕਿਯੇਵ ਵਿੱਚ ਉਸਨੂੰ ਨਕਦ ਭੁਗਤਾਨ ਕੀਤਾ ਜਾਣਾ ਸੀ। ਅੱਤਵਾਦੀਆਂ ਨੇ ਖੁਦ ਰੂਸ ਦੀ ਸੰਘੀ ਸੁਰੱਖਿਆ ਸੇਵਾ ਸਾਹਮਣੇ ਇਹ ਗੱਲ ਕਬੂਲ ਕੀਤੀ ਹੈ।
ਪਿਛਲੇ ਮਹੀਨੇ, 22 ਮਾਰਚ ਨੂੰ, ਚਾਰ ਤਾਜਿਕ ਨਾਗਰਿਕਾਂ ਨੇ ਮਾਸਕੋ ਦੇ ਕ੍ਰੋਕਸ ਸਿਟੀ ਹਾਲ ‘ਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਅਤੇ ਇਮਾਰਤ ਨੂੰ ਅੱਗ ਲਗਾ ਦਿੱਤੀ ਸੀ। ਇਸ ਹਮਲੇ ‘ਚ ਕਰੀਬ 145 ਲੋਕ ਮਾਰੇ ਗਏ ਸਨ ਅਤੇ 500 ਤੋਂ ਵੱਧ ਜ਼ਖਮੀ ਹੋ ਗਏ ਸਨ। ਹਮਲਾਵਰਾਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਯੂਕਰੇਨ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਹੋਰ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ‘ਚੋਂ ਜ਼ਿਆਦਾਤਰ ਤਾਜਿਕ ਮੂਲ ਦੇ ਸਨ।