ਨਿਊਜ਼ੀਲੈਂਡ ਦੀਆਂ ਕੁੱਝ ਕੰਪਨੀਆਂ ਨੇ ਉਨ੍ਹਾਂ ਪ੍ਰਵਾਸੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਲੇਬਰ ਹਾਇਰ ਕੰਪਨੀ ELE ਗਰੁੱਪ ਦੇ ਬੰਦ ਹੋਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਗਰੁੱਪ ਦੀਆਂ ਪੰਜ ਕੰਪਨੀਆਂ ਦੇ ਰਿਸੀਵਰਸ਼ਿਪ ਵਿੱਚ ਚਲੇ ਜਾਣ ਤੋਂ ਬਾਅਦ 1000 ਤੋਂ ਵੱਧ ਸਥਾਈ ਸਟਾਫ, ਆਮ ਕਾਮੇ ਅਤੇ ਠੇਕੇਦਾਰ ਪ੍ਰਭਾਵਿਤ ਹੋਏ ਹਨ। ਫਸਟ ਯੂਨੀਅਨ ਦੇ ਡੇਨਿਸ ਮੈਗਾ ਨੇ ਕਿਹਾ ਕਿ ਘੱਟੋ-ਘੱਟ 250 ਸਟਾਫ ਮੈਂਬਰ ਵਰਕ ਵੀਜ਼ਾ ‘ਤੇ ਪ੍ਰਵਾਸੀ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ 100 ਤੋਂ ਵੱਧ ਕਾਮਿਆਂ ਨੂੰ ਨਵੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਉਹ ਹੁਣ ਕ੍ਰਿਸਮਸ ਦੀ ਛੁੱਟੀ ਤੋਂ ਬਾਅਦ ਨਵੇਂ ਵੀਜ਼ਾ ਲਈ ਅਰਜ਼ੀ ਦੇਣ ਦੀ ਉਡੀਕ ਕਰ ਰਹੇ ਸਨ। ਮੈਗਾ ਨੇ ਕਿਹਾ ਕਿ ਕਰਿਆਨੇ ਦਾ ਸਮਾਨ ਅਤੇ ਵਾਊਚਰ ਵੀ ਆਕਲੈਂਡ, ਕ੍ਰਾਈਸਟਚਰਚ ਅਤੇ ਵੈਲਿੰਗਟਨ ਦੇ ਵਰਕਰਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇਹਨਾਂ ਕਾਮਿਆਂ ਦੀ ਵੀਜ਼ਾ ਵਿੱਚ ਸਹਾਇਤਾ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਹੈ।