ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 4 ਦਿਨ ਦੇ ਰਿਮਾਂਡ ਤੇ ਹਨ। ਇਸੇ ਦੌਰਾਨ ਅੱਜ ਵਿਜੀਲੈਂਸ ਦਫ਼ਤਰ ਦੇ ਬਾਹਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਅਤੇ ਸਾਬਕਾ ਮੰਤਰੀ ਆਸ਼ੂ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਝੜਪ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਦੇ ਸਮਰਥਕ ਸੰਨੀ ਭੱਲਾ ਨੇ ਸ਼ਿਕਾਇਤਕਰਤਾ ਵੱਲ ਉਂਗਲ ਉਠਾਈ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਅਤੇ ਹੋਰ ਛੋਟੇ ਠੇਕੇਦਾਰਾਂ ਨੇ ਵਿਰੋਧ ਕੀਤਾ। ਇਸੇ ਦੌਰਾਨ ਹੀ ਮਾਮਲਾ ਵੱਧ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ।
ਸ਼ਿਕਾਇਤਕਰਤਾ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਸੰਨੀ ਭੱਲਾ ਉਸ ਕੋਲੋਂ ਲੰਘਦੇ ਸਮੇਂ ਟਿੱਪਣੀ ਕਰਕੇ ਚਲਾ ਗਿਆ ਪਰ ਉਨ੍ਹਾਂ ਨੇ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ। ਫਿਰ ਬਾਅਦ ਦੁਪਹਿਰ ਦੂਜੀ ਵਾਰ ਫਿਰ ਸੰਨੀ ਭੱਲਾ ਨੇ ਉਨ੍ਹਾਂ ਨੂੰ ਉਂਗਲ ਦਿਖਾਈ, ਜਿਸ ਤੋਂ ਬਾਅਦ ਵਿਰੋਧ ਹੋਇਆ ਤੇ ਬਹਿਸ ਸ਼ੁਰੂ ਹੋ ਗਈ। ਠੇਕੇਦਾਰਾਂ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ। ਆਸ਼ੂ ਦੇ ਖਾਸ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਸ਼ਹਿਰ ‘ਚ ਧਾਰਾ 144 ਲਾਗੂ ਹੈ ਤਾਂ ਕਾਂਗਰਸੀ ਕਿਵੇਂ ਸਰਕਾਰੀ ਕੋਠੀ ‘ਚ ਟੈਂਟ ਲਗਾ ਕੇ ਬੈਠੇ ਹਨ। ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਕਾਂਗਰਸੀਆਂ ਦੇ ਟੈਂਟ ਪੁੱਟੇ ਜਾਣ। ਇਸ ਦੇ ਨਾਲ ਹੀ ਆਸ਼ੂ ਦੇ ਸਮਰਥਕ ਸੰਨੀ ਭੱਲਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਇੰਚਾਰਜ ਨੀਰਜ ਚੌਧਰੀ ਮੌਕੇ ’ਤੇ ਪੁੱਜੇ। ਉਨ੍ਹਾਂ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਅਤੇ ਹੋਰ ਠੇਕੇਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮਾਮਲਾ ਵਿਚਾਰ ਅਧੀਨ ਹੈ। ਥਾਣੇ ਵਿੱਚ ਬੈਠ ਕੇ ਗੱਲ ਕੀਤੀ ਜਾਵੇਗੀ।