ਕ੍ਰਾਈਸਟਚਰਚ ਵਿੱਚ ਇੱਕ ਵਪਾਰਕ ਇਮਾਰਤ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਮਾਨ ’ਚ ਦੂਰ-ਦੂਰ ਤੱਕ ਧੂੰਏ ਦੇ ਗੁਬਾਰ ਛਾਏ ਹੋਏ ਹਨ। ਅੱਗ ਲੱਗਣ ਕਾਰਨ ਆਲੇ ਦੁਆਲੇ ਦੀਆਂ ਕਈ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਸਵੇਰੇ 11.40 ਵਜੇ ਦੇ ਕਰੀਬ ਸਿਡਨਹੈਮ ਦੇ ਬੁਚਨ ਸੇਂਟ ‘ਤੇ ਅੱਗ ਲੱਗਣ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਸੜਕਾਂ ਨੂੰ ਬੰਦ ਕਰਨ, ਟ੍ਰੈਫਿਕ ਪ੍ਰਬੰਧਨ ਅਤੇ ਤੁਰੰਤ ਖੇਤਰ ਨੂੰ ਖਾਲੀ ਕਰਵਾਉਣ ਵਿੱਚ ਮਦਦ ਕਰ ਰਹੀ ਹੈ। ਇੱਕ ਪੁਲਿਸ ਬੁਲਾਰੇ ਨੇ ਕਿਹਾ, “ਇਲਾਕੇ ਦੇ ਲੋਕਾਂ ਨੂੰ ਸਟਾਫ ਦੇ ਨਿਰਦੇਸ਼ਾਂ ਨੂੰ ਸੁਣਨ ਅਤੇ ਅੱਗ ਦੇ 100 ਮੀਟਰ ਦੇ ਅੰਦਰ ਆਸ ਪਾਸ ਦੇ ਇਲਾਕਿਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।”