13 ਮਾਰਚ ਨੂੰ ਪਟਿਆਲਾ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਭਾਰਤੀ ਫੌਜ ਦੇ ਮੌਜੂਦਾ ਕਰਨਲ ਪੁਸ਼ਪਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਕੀਤੀ ਕੁੱਟਮਾਰ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਦੇਰ ਸ਼ਾਮ ਕਰਨਲ ਪੁਸ਼ਪਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਦੀ ਕੁੱਟਮਾਰ ਦੇ ਮਾਮਲੇ ‘ਚ ਵੀ ਨਵੀਂ ਐੱਫ.ਆਈ.ਆਰ. ਦਰਜ ਹੋਈ ਹੈ। ਮੁਲਜ਼ਮ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਹੋਵੇਗੀ। ਕਰਨਲ ਦੇ ਪਰਿਵਾਰ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ।
ਕਰਨਲ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ ਸਾਬਕਾ ਫੌਜੀ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਪੁਲਿਸ ‘ਤੇ ਇਸ ਮਾਮਲੇ ‘ਚ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ। ਕਰਨਲ ਦੀ ਪਤਨੀ ਸਮੇਤ ਉਥੇ ਮੌਜੂਦ ਸਾਬਕਾ ਫੌਜੀ ਅਧਿਕਾਰੀਆਂ ਨੇ ਪੰਜਾਬ ਪੁਲਿਸ ਨੂੰ ਸ਼ਰਮਸਾਰ ਕਰੋ ਦੇ ਨਾਅਰੇ ਲਾਏ। ਭਾਵੇਂ ਇਹ ਮਾਮਲਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਵਿਰੋਧੀ ਧਿਰ ਵੱਲੋਂ ਉਠਾਇਆ ਗਿਆ ਸੀ ਪਰ ਪੁਲਿਸ ਦੀ ਇਸ ਕਾਰਵਾਈ ਤੋਂ ਨਾਖੁਸ਼ ਸਾਬਕਾ ਫੌਜੀ ਅਧਿਕਾਰੀ ਅਤੇ ਕਰਨਲ ਦੇ ਪਰਿਵਾਰਕ ਮੈਂਬਰ ਸ਼ਨੀਵਾਰ ਨੂੰ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨਾ ਦੇਣਗੇ।