ਬੀਤੇ ਦਿਨ ਹੁਸ਼ਿਆਰਪੁਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸੀਐਮ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਉਹ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਾ ਬਣਨ। ਰਾਹੁਲ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਰਾਹੁਲ ਜੀ, ਪੰਜਾਬ ‘ਚ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੋਵੇਗਾ।
ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ, “ਰਾਹੁਲ ਜੀ ਪੰਜਾਬ ‘ਚ ਤੁਸੀਂ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ..ਮੈਨੂੰ CM ਪੰਜਾਬ ਦੀ ਜਨਤਾ ਨੇ ਬਣਾਇਆ ਹੈ ਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ..ਤੁਸੀਂ 2 ਮਿੰਟ ‘ਚ ਚੁਣੇ ਹੋਏ CM ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜਤ ਕਰਕੇ ਹਟਾ ਦਿੱਤਾ ਸੀ.ਯਾਤਰਾ ਦੌਰਾਨ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਨੇ..ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ”
ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਕਿਹਾ ਸੀ ਕਿ – ਭਾਰਤ ਦੇ ਹਰ ਰਾਜ ਦਾ ਆਪਣਾ ਇਤਿਹਾਸ ਹੈ। ਹਰ ਖੇਤਰ ਦੀ ਆਪਣੀ ਭਾਸ਼ਾ, ਇਤਿਹਾਸ ਅਤੇ ਜੀਵਨ ਢੰਗ ਹੈ। ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਵੇ। ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ… ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ… ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ… ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਹੈ… ਦਿੱਲੀ ਕੇਜਰੀਵਾਲ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਇਹ ਪੰਜਾਬ ਦੇ ਮਾਣ ਦੀ ਗੱਲ ਹੈ। ਆਪਣੇ ਕਿਸਾਨਾਂ-ਮਜ਼ਦੂਰਾਂ ਦੀ ਗੱਲ ਸੁਣ ਕੇ ਕੰਮ ਕਰਨਾ ਚਾਹੀਦਾ ਹੈ। ਕੋਈ ਵੀ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ। ਪੰਜਾਬ ਕਾਂਗਰਸ ਦੀ ਸਰਕਾਰ ਵੇਲੇ ਸੂਬਾ ਇੱਥੋਂ ਹੀ ਚੱਲਦਾ ਸੀ।