ਨੌਕਰੀ ਦੇ ਨਾਂ ‘ਤੇ ਪੰਜਾਬ ਦੇ ਕ੍ਰਿਕਟਰ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ। ਬੁੱਧਵਾਰ ਨੂੰ ਸੀਐਮ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਕਾਨਫਰੰਸ ਵਿੱਚ ਕਿਹਾ ਕਿ ਚੰਨੀ ਦੇ ਭਤੀਜੇ ਨੇ ਆਈਪੀਐਲ ਵਿੱਚ ਪੰਜਾਬ ਟੀਮ ਨਾਲ ਜੁੜੇ ਜਸਇੰਦਰ ਸਿੰਘ ਨੂੰ ਨੌਕਰੀ ਦੇਣ ਦੇ ਨਾਮ ਉੱਤੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਾਨ ਨੇ ਕ੍ਰਿਕਟਰ ਜਸਇੰਦਰ ਅਤੇ ਉਸ ਦੇ ਪਿਤਾ ਮਨਜਿੰਦਰ ਸਿੰਘ ਨੂੰ ਵੀ ਕਾਨਫਰੰਸ ‘ਚ ਨਾਲ ਲਿਆਂਦਾ ਸੀ।
ਉੱਥੇ ਹੀ ਇਸ ਕਾਨਫਰੰਸ ਦੇ ਇੱਕ ਘੰਟੇ ਬਾਅਦ ਚੰਨੀ ਵੀ ਚੰਡੀਗੜ੍ਹ ਵਿੱਚ ਹੀ ਮੀਡੀਆ ਦੇ ਸਾਹਮਣੇ ਆ ਗਏ। ਚੰਨੀ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਮੈਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਉਲਟਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਲਜ਼ਾਮ ਲਗਾਇਆ ਕਿ ਸ਼ਾਇਦ ਜਸਇੰਦਰ ਨੂੰ ਇਨ੍ਹਾਂ ਨੇ ਕਿਹਾ ਹੋਵੇ ਕਿ ਨੌਕਰੀ ਬਦਲੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਸ਼ਨ ਉਨ੍ਹਾਂ ਦੇ ਭਰਾ ਮਨੋਹਰ ਦਾ ਲੜਕਾ ਹੈ। ਉਹ ਡਾਕਟਰ ਹੈ ਅਤੇ ਐਮਡੀ ਦੀ ਤਿਆਰੀ ਕਰ ਰਿਹਾ ਹੈ। ਫਿਲਹਾਲ ਹੁਣ ਇਸ ਮਾਮਲੇ ‘ਚ ਅੱਗੇ ਕੀ ਹੋਵੇਗਾ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿੱਕੀਆਂ ਹੋਈਆਂ ਹਨ।