ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਗਲਵਾਰ ਨੂੰ ਪਟਿਆਲਾ ਦੀ ਨਾਭਾ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਦੇਵ ਮਾਨ ਵੀ ਮੌਜੂਦ ਸਨ। ਸੀਐਮ ਮਾਨ ਨੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜੇਲ੍ਹ ਵਿੱਚ ਬੰਦ ਕੈਦੀਆਂ ਨਾਲ ਵੀ ਮੁਲਾਕਾਤ ਕੀਤੀ। ਭਗਵੰਤ ਮਾਨ ਨੇ ਕੈਦੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਵੀ ਕਿਹਾ। ਇਸ ਤੋਂ ਬਾਅਦ ਕੁੱਝ ਕੈਦੀਆਂ ਨੇ ਵੀ ਆਪਣੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।
ਪੰਜਾਬ ਦੀਆਂ ਜੇਲ੍ਹਾਂ ਨੂੰ ਸਹੀ ਮਾਅਨੇ ‘ਚ ਸੁਧਾਰ ਘਰ ਬਣਾਵਾਂਗੇ…ਜੋ ਵੀ ਵਿਅਕਤੀ ਕਿਸੇ ਕਾਰਨ ਜੇਲ੍ਹਾਂ ‘ਚ ਆਏ ਨੇ ਇੱਥੋਂ ਕੁਝ ਸਿੱਖ ਕੇ ਜ਼ਿੰਦਗੀ ਦੇ ਸਬਕ ਲੈ ਕੇ ਬਾਹਰ ਜਾਣ…ਪੰਜਾਬ ਭਰ ਦੀਆਂ ਜੇਲ੍ਹਾਂ ਨੂੰ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਪਗ੍ਰੇਡ ਕਰਾਂਗੇ.. pic.twitter.com/BzMKufZqpa
— Bhagwant Mann (@BhagwantMann) December 13, 2022
ਸੀਐਮ ਮਾਨ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਸਹੀ ਰਸਤੇ ’ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚੋਂ ਸਜ਼ਾ ਭੁਗਤਣ ਤੋਂ ਬਾਅਦ ਸਮਾਜ ਵਿੱਚ ਜਾਣ ਵਾਲੇ ਕੈਦੀਆਂ ਸਬੰਧੀ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਹਰ ਸੰਭਵ ਯਤਨ ਕਰਨ। ਮੁੱਖ ਮੰਤਰੀ ਮਾਨ ਨੇ ਹਦਾਇਤ ਕੀਤੀ ਕਿ ਪੜ੍ਹਾਈ ਵਿੱਚ ਰੁਚੀ ਰੱਖਣ ਵਾਲੇ ਕੈਦੀਆਂ ਲਈ ਜੇਲ੍ਹ ਵਿੱਚ ਪੜ੍ਹਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਜੇਲ੍ਹ ਵਿੱਚ ਕੈਦੀਆਂ ਲਈ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਜੇਲ੍ਹ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਮਾਨ ਨੇ ਕਿਹਾ ਕਿ ਕੈਦੀਆਂ ਨੂੰ ਬਿਹਤਰ ਇਨਸਾਨ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਕੈਦੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਤਾਂ ਜੋ ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਆਤਮ ਨਿਰਭਰ ਬਣ ਕੇ ਕਾਰੋਬਾਰ ਕਰ ਸਕਣ।