ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਦੇਰ ਸ਼ਾਮ ਅਚਨਚੇਤ ਚੈਕਿੰਗ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚੇ। ਹਸਪਤਾਲ ਪਹੁੰਚਦੇ ਹੀ ਮੈਡੀਕਲ ਸਟਾਫ਼ ਵਿੱਚ ਹੱਫੜਾਂ ਦਫੜੀ ਦਾ ਮਾਹੌਲ ਬਣ ਗਿਆ। ਸੀਐਮ ਭਗਵੰਤ ਮਾਨ ਨੇ ਪਹਿਲਾਂ ਸਿੱਧੇ ਤੌਰ ‘ਤੇ ਵੱਖ-ਵੱਖ ਵਾਰਡਾਂ ‘ਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਮਰੀਜ਼ਾਂ ਨੂੰ ਪੁੱਛਿਆ ਕਿ ਕੀ ਡਾਕਟਰ ਇਲਾਜ ਲਈ ਸਮੇਂ ਸਿਰ ਆਉਂਦੇ ਹਨ ਜਾਂ ਨਹੀਂ, ਦਵਾਈ ਦੀ ਕੋਈ ਘਾਟ ਹੈ ਜਾਂ ਨਹੀਂ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ।
Live raid from Rajindra Hospital Patiala https://t.co/hXYYWuzGA2
— Bhagwant Mann (@BhagwantMann) October 19, 2022
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਹੋਰ ਥਾਂ ‘ਤੇ ਪ੍ਰੋਗਰਾਮ ਸੀ, ਪਰ ਸਾਰਾ ਮਾਲਵਾ ਪਟਿਆਲਾ ਰਾਜਿੰਦਰਾ ਹਸਪਤਾਲ ‘ਤੇ ਨਿਰਭਰ ਹੈ, ਇਸ ਲਈ ਸੋਚਿਆ ਕਿ ਮੈਂ ਵੀ ਅੱਧ ਵਿਚਕਾਰ ਜਾਂਚ ਕਰ ਲਵਾਂ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਸਬੰਧੀ ਕੁੱਝ ਸ਼ਿਕਾਇਤਾਂ ਮਿਲੀਆਂ ਸਨ। ਜਦੋਂ ਉਹ ਐਮਰਜੈਂਸੀ ਵਿੱਚ ਗਏ ਤਾਂ ਉਨ੍ਹਾਂ ਨੂੰ ਉਥੇ ਕੈਂਸਰ ਅਤੇ ਦੁਰਘਟਨਾ ਦੇ ਮਰੀਜ਼ ਮਿਲੇ। ਉਹ ਬਿਨਾਂ ਕਿਸੇ ਨੂੰ ਦੱਸੇ ਹਸਪਤਾਲ ਪਹੁੰਚ ਗਏ ਕਿਉਂਕਿ ਪਹਿਲਾਂ ਪਤਾ ਲੱਗਣ ‘ਤੇ ਹਸਪਤਾਲ ਮੈਨੇਜਮੈਂਟ ਨੇ ਸਭ ਕੁੱਝ ਠੀਕ ਕਰ ਲਿਆ ਹੁੰਦਾ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਕੁੱਝ ਮਰੀਜ਼ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਦੁੱਖ ਸਾਂਝਾ ਕੀਤਾ। ਕੁੱਝ ਮਰੀਜ਼ਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਲੇਟ ਮਿਲਣ ਬਾਰੇ ਦੱਸਿਆ। ਕਈ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 4 ਘੰਟੇ ਤੱਕ ਸਹੀ ਇਲਾਜ ਨਹੀਂ ਮਿਲਿਆ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਪੰਜਾਬ ਦੇ ਸਿਹਤ ਮਾਡਲ ਨੂੰ ਠੀਕ ਕਰਨਾ ਹੈ। ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਪਰ ਉਹ ਕਮੀਆਂ ਲੱਭਣ ਲਈ ਨਹੀਂ, ਸਗੋਂ ਸਮੱਸਿਆਵਾਂ ਪੁੱਛਣ ਆਏ ਸੀ। ਮਾਨ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਜਿਨ੍ਹਾਂ ਦੇ ਨਕਸ਼ੇ ਬਣ ਚੁੱਕੇ ਹਨ।