ਵਰਕਰਾਂ ਦੀ ਇੱਕ ਗਲਤੀ ਕਾਂਗਰਸ ਨੂੰ ਭਾਰੀ ਪੈ ਰਹੀ ਹੈ। ‘ਆਪ’ ਪੰਜਾਬ ਨੇ ਵੀ ਇਸ ‘ਤੇ ਤੰਜ ਕਸਿਆ ਹੈ। ਦਰਅਸਲ, ਕਾਂਗਰਸ ਦੀ ਭਾਰਤ ਜੋੜੋ ਯਾਤਰਾ ਇਸ ਸਮੇਂ ਤੇਲੰਗਾਨਾ ਵਿੱਚ ਜਾਰੀ ਹੈ। ਇੱਥੇ ਰਾਹੁਲ ਗਾਂਧੀ ਹਰ ਵਰਗ ਦੇ ਲੋਕਾਂ ਨੂੰ ਮਿਲ ਰਹੇ ਹਨ। ਅੱਠ ਘੰਟੇ ਪਹਿਲਾਂ @INCIndia ਟਵਿੱਟਰ ਹੈਂਡਲ ਤੋਂ ਕੁੱਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ‘ਚ ਰਾਹੁਲ ਗਾਂਧੀ ਪੈਦਲ ਯਾਤਰਾ ਕਰਦੇ ਹੋਏ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਪਰ ਇਸ ਦੌਰਾਨ ਕਾਂਗਰਸ ਨੇ ਗਲਤੀ ਕੀਤੀ ਅਤੇ ‘ਆਪ’ ਪੰਜਾਬ ਨੇ ਉਸ ਨੂੰ ਫੜ ਲਿਆ ਤੇ ਹੁਣ ਉਹ ਉਸ ਦੇ ਮਜ਼ੇ ਲੈ ਰਹੇ ਨੇ।
ਦਰਅਸਲ ਕਾਂਗਰਸੀ ਵਰਕਰਾਂ ਨੇ ਭਾਰਤ ਜੋੜੋ ਯਾਤਰਾ ਦਾ ਇੱਕ ਪੋਸਟਰ ਲਗਾਇਆ ਸੀ ਇਸ ‘ਚ ਤੇਲੰਗਾਨਾ ਸੂਬੇ ਦੇ ਕਾਂਗਰਸੀ ਨੇਤਾਵਾਂ ਨਾਲ ਰਾਹੁਲ ਗਾਂਧੀ ਦੀ ਤਸਵੀਰ ਛਪੀ ਸੀ। ਪਰ ਇਨ੍ਹਾਂ ਤਸਵੀਰਾਂ ‘ਚ ਪੰਜਾਬ ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਛਪੀ ਸੀ। ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਹੁਣ ‘ਆਪ’ ਪੰਜਾਬ ਨੇ ਉਸੇ ਫੋਟੋ ਨੂੰ ਜ਼ੂਮ ਕਰਕੇ ਮਾਨ ਦੀ ਤਸਵੀਰ ਵਾਲੀ ਫੋਟੋ ਪੋਸਟ ਕੀਤੀ ਹੈ। ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਲਿਖਿਆ ਕਿ ਕਾਂਗਰਸ ਵੀ ਜਾਣਦੀ ਹੈ ਕਿ ਸਿਰਫ ਤੁਸੀਂ ਹੀ ‘ਤਬਦੀਲੀ’ ਲਿਆ ਸਕਦੇ ਹੋ। ਭਗਵੰਤ ਮਾਨ ਜ਼ਿੰਦਾਬਾਦ।
ਕਾਂਗਰਸ ਨੇ ਚਾਰ ਤਸਵੀਰਾਂ ਟਵੀਟ ਕੀਤੀਆਂ ਸਨ। ਪਹਿਲੀ ਤਸਵੀਰ ‘ਚ ਰਾਹੁਲ ਗਾਂਧੀ ਨੇ ਹਲ ਫੜਿਆ ਹੋਇਆ ਹੈ ਅਤੇ ਇੱਕ ਕਿਸਾਨ ਉਨ੍ਹਾਂ ਦੇ ਨਾਲ ਚੱਲ ਰਿਹਾ ਹੈ। ਦੂਜੀ ਤਸਵੀਰ ਵਿੱਚ ਉਹ ਪੈਦਲ ਚੱਲ ਰਹੇ ਹਨ। ਤੀਸਰੀ ਤਸਵੀਰ ਵਿੱਚ ਇੱਕ ਵਰਕਰ ਇੱਕ ਹੋਲਡਿੰਗ ਲੈ ਕੇ ਖੜ੍ਹਾ ਹੈ ਅਤੇ ਚੌਥੀ ਤਸਵੀਰ ਵਿੱਚ ਕਈ ਲੋਕ ਜਾਂ ਵਰਕਰ ਖੜ੍ਹੇ ਹਨ। ਵਰਕਰਾਂ ਦੇ ਪਿੱਛੇ ਰਾਹੁਲ ਗਾਂਧੀ ਦੇ ਪੋਸਟਰ ਲੱਗੇ ਹੋਏ ਹਨ ਪਰ ਇਨ੍ਹਾਂ ਵਿੱਚੋਂ ਇੱਕ ਪੋਸਟਰ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਤਸਵੀਰ ਵੀ ਛਪੀ ਹੈ।