ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਅਤੇ ਪੰਜਾਬ ਦਾ ਪੈਸਾ ਖਾਧਾ ਉਨ੍ਹਾਂ ਸਾਰਿਆਂ ਤੋਂ ਹਿਸਾਬ ਲਿਆ ਜਾਵੇਗਾ। ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ‘ਤੇ ਵਿਅੰਗ ਕਸਦਿਆਂ CM ਮਾਨ ਨੇ ਕਿਹਾ ਕਿ ਅਰੋੜਾ ਦੇ ਭਾਜਪਾ ‘ਚ ਸ਼ਾਮਿਲ ਹੋਣ ਨਾਲ ਉਹ ਦੁੱਧ ਦੇ ਧੋਤੇ ਨਹੀਂ ਬਣ ਗਏ। ਮਾਨ ਨੇ ਆਪਣੇ ਹੀ ਅੰਦਾਜ਼ ‘ਚ ਕਿਹਾ ਕਿ ਉਨ੍ਹਾਂ ਨੇ ਅਕਸਰ ਸੁਣਿਆ ਸੀ ਕਿ ਲੋਕਾਂ ਦੇ ਘਰਾਂ ‘ਚ ਮਿਕਸੀ ਹੁੰਦੀ ਹੈ ਪਰ ਸੁੰਦਰ ਸ਼ਾਮ ਅਰੋੜਾ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਵੀ ਵਿਅੰਗ ਕੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਜਹਾਜ਼ ਵਿੱਚ ਹਿਮਾਚਲ ਪ੍ਰਦੇਸ਼ ਗਏ ਹਨ, ਉਸ ਬਾਰੇ ਉਹ ਕੁੱਝ ਨਹੀਂ ਕਹਿੰਦੇ ਪਰ ਉਨ੍ਹਾਂ ਨੂੰ ‘ਆਪ’ ਦੀ ਜ਼ਿਆਦਾ ਚਿੰਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਹਰ ਕੰਮ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ।
ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕਾਂਗਰਸ ਕਿੱਥੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਥਾਵਾਂ ਤੋਂ ਦੂਰੀ ਬਣਾਈ ਰੱਖੀ ਹੈ ਜਿੱਥੇ ਚੋਣਾਂ ਹੋ ਰਹੀਆਂ ਹਨ, ਕਿਉਂਕਿ ਉਨ੍ਹਾਂ ਦੇ ਕਈ ਮੰਤਰੀ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਹਨ। ਹੁਣ ਜਦੋਂ ਰਾਹੁਲ ਗਾਂਧੀ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਤਾਂ ਕਾਂਗਰਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਜਿਨ੍ਹਾਂ ਵੀ ਮੰਤਰੀਆਂ ਜਾਂ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਤੋਂ ਹਿਸਾਬ ਲਿਆ ਜਾਵੇਗਾ।