ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਇਨਸਾਫ਼ ਨਾ ਮਿਲਣ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਦੇਸ਼ ਛੱਡਣ ਦੀ ਚਿਤਾਵਨੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇੱਕ ਤੋਂ ਬਾਅਦ ਇੱਕ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਬੈਠੇ ਕਾਤਲਾਂ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਸੀਐਮ ਮਾਨ ਸੋਮਵਾਰ ਨੂੰ ਪਠਾਨਕੋਟ ਦੀਆਂ ਮੰਡੀਆਂ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਿੱਧੂ ਮੂਸੇਵਾਲਾ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਨਸਾਫ਼ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ ਗੈਂਗ ਵਾਰ ਦਾ ਰੂਪ ਦਿੱਤਾ ਜਾ ਰਿਹਾ ਹੈ। ਉਹ ਡੀਜੀਪੀ ਪੰਜਾਬ ਨੂੰ ਮਿਲ ਕੇ ਬੇਟੇ ਦੀ ਮੌਤ ਦੇ ਮਾਮਲੇ ‘ਤੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਵੀ ਜੇਕਰ ਇੱਕ ਮਹੀਨੇ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਐਫਆਈਆਰ ਵਾਪਿਸ ਲੈ ਕੇ ਦੇਸ਼ ਛੱਡ ਦੇਣਗੇ। ਬਲਕੌਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਦਾ ਪੱਖ ਰੱਖਣ ਵਾਲਿਆਂ ਨੂੰ ਐਨਆਈਏ ਵੱਲੋਂ ਸੰਮਨ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੈਨੀ ਜੌਹਲ ਅਤੇ ਅਫਸਾਨਾ ਖਾਨ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਗਏ ਹਨ, ਜੋ ਕਿ ਗਲਤ ਹੈ। ਸਿੱਧੂ ਦੀ ਮੌਤ ਨੂੰ ਗੈਂਗ ਵਾਰ ਦਾ ਰੂਪ ਦਿੱਤਾ ਜਾ ਰਿਹਾ ਹੈ, ਜਦਕਿ ਉਸ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਹੈ। ਉਸ ਦਾ ਮੋਬਾਈਲ, ਪਿਸਤੌਲ ਅਤੇ ਹੋਰ ਸਾਮਾਨ ਐਨਆਈਏ ਕੋਲ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਵਿਦੇਸ਼ਾਂ ਵਿੱਚ ਇੱਕ ਸ਼ੋਅ ਲਈ 1.25 ਕਰੋੜ ਰੁਪਏ ਲੈ ਰਿਹਾ ਹੈ, ਫਿਰ ਉਹ ਕੁੱਝ ਪੈਸਿਆਂ ਲਈ ਗੈਂਗਸਟਰਾਂ ਨਾਲ ਸਬੰਧ ਕਿਉਂ ਰੱਖੇਗਾ। ਉਨ੍ਹਾਂ ਆਪਣਾ ਦਰਦ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਇੰਡਸਟਰੀ ਦਾ ਕੋਈ ਵੀ ਕਲਾਕਾਰ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਜਦੋਂ ਕਿ ਸੀਆਈਏ ਇੰਚਾਰਜ ਗੈਂਗਸਟਰਾਂ ਨਾਲ ਪਾਰਟੀਬਾਜ਼ੀ ਕਰਦੇ ਰਹੇ, ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਰਹੀ।