ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਇਸ ਮਤੇ ਨੂੰ ਪੇਸ਼ ਕੀਤਾ ਸੀ। ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਨੇ ਇਸ ਦਾ ਸਮਰਥਨ ਕੀਤਾ। ਇਸ ਦੀ ਵੋਟਿੰਗ ਹੁਣ 3 ਅਕਤੂਬਰ ਨੂੰ ਹੋਵੇਗੀ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
BJP ਵਾਲੇ ਸਿਨਮੇ ਦੇ ਬਾਹਰ ਖ਼ਿਆਲੀ ਵਿਧਾਨ ਸਭਾ ਬਣਾਈ ਬੈਠੇ ਨੇ
ਇਹਨਾਂ ਦੇ ਵੱਡੇ ਮੰਤਰੀ ਅਮਿਤ ਸ਼ਾਹ ਜੀ ਸਕੂਲਾਂ ਦਾ ਉਦਘਾਟਨ ਕਰਦੇ ਫਿਰਦੇ ਨੇ, ਪਹਿਲਾਂ ਇਹਨਾਂ ਨੂੰ ਧਰਮ ਤੇ ਜਾਤ-ਪਾਤ ਤੋਂ ਵਿਹਲ ਨਹੀਂ ਮਿਲਦੀ ਸੀ। ਹੁਣ ਸਕੂਲ, ਹਸਪਤਾਲਾਂ ਤੇ infrastructure ਦੀ ਗੱਲ ਕਰਦੇ ਫਿਰਦੇ ਨੇ
—CM @BhagwantMann pic.twitter.com/nTsGbhEIeN— AAP Punjab (@AAPPunjab) September 27, 2022
ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਵਿਸ਼ਵਾਸ ਮੱਤ ਪੇਸ਼ ਕਰਨ ਨੂੰ ਕਾਨੂੰਨ ਦੇ ਵਿਰੁੱਧ ਦੱਸਿਆ। ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ। ਜਿਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ। ਜਦੋਂ ਕਾਂਗਰਸੀ ਵਿਧਾਇਕਾਂ ਨੇ ਵਿਰੋਧ ਜਾਰੀ ਰੱਖਿਆ ਤਾਂ ਉਨ੍ਹਾਂ ਨੂੰ ਦਿਨ ਭਰ ਲਈ ਮੁਅੱਤਲ ਕਰਕੇ ਬਾਹਰ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਭਾਜਪਾ ਨੇ ‘ਆਪ੍ਰੇਸ਼ਨ ਲੋਟਸ’ ਦੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਮੁੱਖ ਮੰਤਰੀ ਨੇ ਕਾਂਗਰਸੀਆਂ ਤੋਂ ਪੁੱਛਿਆ ਕਿ ਜੇਕਰ ਭਾਜਪਾ ਦਾ ਆਪਰੇਸ਼ਨ ਲੋਟਸ ਫੇਲ ਹੋ ਜਾਂਦਾ ਹੈ ਤਾਂ ਕਾਂਗਰਸ ਨੂੰ ਕੀ ਨੁਕਸਾਨ ਹੋਵੇਗਾ? ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਦਿਆਂ ਕਿਹਾ ਕਿ ਇੰਝ ਜਾਪਦਾ ਹੈ ਕਿ ਉਹ ਆਪਰੇਸ਼ਨ ਲੋਟਸ ਦੀ ਅਸਫਲਤਾ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਅੰਦਰ ਖਾਤੇ ਕਾਂਗਰਸ ਵੀ ਭਾਜਪਾ ਨਾਲ ਰਲੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਇਹ ਲੋਕ ਭਾਰਤ ਜੋੜਨ ਦੀ ਗੱਲ ਕਰਦੇ ਹਨ ਪਰ ਰਾਜਸਥਾਨ ਸਾਂਭਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਾਂਗਰਸ ਦੀ ਯਾਤਰਾ ਉਨ੍ਹਾਂ ਰਾਜਾਂ ਵਿੱਚ ਨਹੀਂ ਜਾ ਰਹੀ ਜਿੱਥੇ ਚੋਣਾਂ ਹਨ, ਇਹ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਹਨ।
ਇਸ ਦੌਰਾਨ ਭਗਵੰਤ ਮਾਨ ਨੇ ਭਾਜਪਾ ਉਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਭਾਜਪਾ ਨੇ ਅੱਜ ਬਾਹਰ ਆਪਣੀ ਖਿਆਲੀ ਵਿਧਾਨ ਸਭਾ ਲਾਈ ਹੋਈ ਹੈ। ਉਸ ਦੇ ਸਪੀਕਰ ਨੇ ਅਜੈਬ ਸਿੰਘ ਭੱਟੀ, ਬਾਕੀ ਮੰਤਰੀ ਮੰਡਲ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚੁਣ ਲਿਆ ਜਾਵੇ। ਉਨ੍ਹਾਂ ਇਸ ਨੂੰ ਡਰਾਮਾ ਦੱਸਿਆ।