ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਤੇ ਬੈਠੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਮਾਨ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਉਨ੍ਹਾਂ ਦੇ ਨਿਵਾਸ ਉਤੇ ਮੁਲਾਕਾਤ ਕੀਤੀ ਹੈ। ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਨਾਲ ਮੇਰੀ ਮੁਲਾਕਾਤ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ, ਮੈਂ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਪੰਜਾਬ ਦਾ ਸੱਭਿਆਚਾਰ ਅਤੇ ਰਹਿਣ-ਸਹਿਣ, ਖਾਣ -ਪੀਣ ਬਾਰੇ ਦੱਸਾਂਗੇ। ਇੱਥੇ ਔਰਤਾਂ ਫੁਲਕਾਰੀ ਬਣਾਉਂਦੀਆਂ ਹਨ, ਪੜ੍ਹਾਈ ਕਰਦੀਆਂ ਹਨ, ਦਸਤਕਾਰੀ ਕਰਦੀਆਂ ਹਨ, ਇਹ ਸਭ ਦੇਖਣ ਲਈ ਮੈਂ ਉਨ੍ਹਾਂ ਨੂੰ ਪੰਜਾਬ ਆਉਣ ਲਈ ਕਿਹਾ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਜਰਮਨੀ ਦੌਰੇ ਉਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਨ ਨੇ ਕਿਹਾ ਕਿ ਕੁਝ ਜਰਮਨ ਕੰਪਨੀਆਂ ਹਨ ਜੋ ਪੰਜਾਬ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ। ਅਸੀਂ ਜਰਮਨੀ ਜਾਵਾਂਗੇ ਅਤੇ ਉਨ੍ਹਾਂ ਨਾਲ ਕੱਲ੍ਹ ਗੱਲ ਕਰਾਂਗੇ, ਐਮਓਯੂ ਸਾਈਨ ਕਰਾਂਗੇ ਅਤੇ ਕੰਪਨੀਆਂ ਨੂੰ ਪੰਜਾਬ ਲਿਆਵਾਂਗੇ। ਜਿਹੜੇ ਵਿਦਿਆਰਥੀ ਸਾਡੇ ਹਨ, ਉਹ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਇੱਥੇ ਆਪਣੇ ਦੇਸ਼ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋਣਗੇ।