ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ‘ਚ ਭਾਰਤੀ ਮਸਲਿਆਂ ਬਾਰੇ ਹਾਈ ਕਮਿਸ਼ਨਰ @HCCanInd ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੌਰਾਨ ਸੀ ਐਮ ਮਾਨ ਨੇ ਕੈਨੇਡਾ ਵਿੱਚ ਬੈਠੇ ਪੰਜਾਬ ਦੇ ਗੈਂਗਸਟਰਾਂ ਦਾ ਮੁੱਦਾ ਚੁੱਕਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ਦੀ ਧਰਤੀ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਫੜਨ ਲਈ ਕੈਨੇਡਾ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇੱਥੇ ਆਪਣੀ ਸਰਕਾਰੀ ਰਿਹਾਇਸ਼ ਉਤੇ ਮੁੱਖ ਮੰਤਰੀ ਨੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੌਨ ਮਕਾਏ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਿਆ।
ਭਾਰਤ ‘ਚ ਕਨੇਡਾ ਦੇ ਮਸਲਿਆਂ ਦੇ ਹਾਈ ਕਮਿਸ਼ਨਰ @HCCanInd ਨਾਲ ਮੁਲਾਕਾਤ ਦੌਰਾਨ ਚਰਚਾ ਕੀਤੀ..ਜਿਹੜੇ ਗੈਂਗਸਟਰ ਕੈਨੇਡਾ ਬੈਠ ਪੰਜਾਬ ਦਾ ਮਾਹੌਲ ਖ਼ਰਾਬ ਕਰਦੇ ਹਨ..ਉਨ੍ਹਾਂ ਨੂੰ ਕਿਸ ਤਰੀਕੇ ਫੜ੍ਹ ਕੇ ਪੰਜਾਬ ਲਿਆਇਆ ਜਾ ਸਕੇ ਅਤੇ ਕਾਨੂੰਨੀ ਕਾਰਵਾਈ ਕਰ ਸਕੀਏ.
ਉਨ੍ਹਾਂ ਮੇਰੀ ਮੰਗ ‘ਤੇ ਗੌਰ ਫ਼ਰਮਾਉਂਦਿਆਂ ਜਲਦ ਹੱਲ ਦਾ ਭਰੋਸਾ ਦਿੱਤਾ pic.twitter.com/2NsyddMeY7
— Bhagwant Mann (@BhagwantMann) June 10, 2022
ਮੁੱਖ ਮੰਤਰੀ ਨੇ ਪੰਜਾਬ ਤੇ ਕੈਨੇਡਾ ਦੋਵਾਂ ਥਾਵਾਂ ਉਤੇ ਗੈਂਗਾਂ ਤੇ ਗੈਂਗਸਟਰਾਂ ਦੇ ਵਾਧੇ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਭਗਵੰਤ ਮਾਨ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਕੈਨੇਡਾ ਦੀ ਧਰਤੀ ਤੋਂ ਗਤੀਵਿਧੀਆਂ ਚਲਾ ਰਹੇ ਕੁੱਝ ਪੰਜਾਬੀ ਗੈਂਗਸਟਰ ਪੰਜਾਬ ਵਿੱਚ ਸਖ਼ਤ ਘਾਲਣਾ ਬਾਅਦ ਹਾਸਲ ਕੀਤੀ ਅਮਨ-ਸ਼ਾਂਤੀ ਲਈ ਖ਼ਤਰਾ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਇਕ ਪਾਸੇ ਅਮਨ ਤੇ ਕਾਨੂੰਨ ਦੀ ਸਮੱਸਿਆ ਖੜ੍ਹੀ ਕਰ ਰਹੇ ਹਨ, ਦੂਜੇ ਪਾਸੇ ਸੂਬੇ ਦੀ ਤਰੱਕੀ ਦੀ ਰਫ਼ਤਾਰ ਨੂੰ ਲੀਹੋਂ ਲਾਹ ਰਹੇ ਹਨ।
ਇਨ੍ਹਾਂ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਕਾਨੂੰਨ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਹੋਰਾਂ ਨੂੰ ਇਸ ਰਾਹ ਉਤੇ ਜਾਣ ਤੋਂ ਰੋਕਣ ਦਾ ਕੰਮ ਕਰੇ। ਕੈਨੇਡਾ ਤੇ ਪੰਜਾਬ ਪੁਲਿਸ ਵਿਚਾਲੇ ਸਾਂਝੀ ਪੁਲਿਸ ਕਾਰਵਾਈ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਇਹੀ ਇਕ ਰਾਹ ਹੈ, ਜਿਸ ਨਾਲ ਅਸੀਂ ਦੋਵਾਂ ਥਾਵਾਂ ਨੂੰ ਗੈਂਗਸਟਰਾਂ ਤੋਂ ਮੁਕਤ ਕਰਵਾ ਸਕਾਂਗੇ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ, ਭਾਰਤ ‘ਚ ਕਨੇਡਾ ਦੇ ਮਸਲਿਆਂ ਦੇ ਹਾਈ ਕਮਿਸ਼ਨਰ @HCCanInd ਨਾਲ ਮੁਲਾਕਾਤ ਦੌਰਾਨ ਚਰਚਾ ਕੀਤੀ..ਜਿਹੜੇ ਗੈਂਗਸਟਰ ਕੈਨੇਡਾ ਬੈਠ ਪੰਜਾਬ ਦਾ ਮਾਹੌਲ ਖ਼ਰਾਬ ਕਰਦੇ ਹਨ..ਉਨ੍ਹਾਂ ਨੂੰ ਕਿਸ ਤਰੀਕੇ ਫੜ੍ਹ ਕੇ ਪੰਜਾਬ ਲਿਆਇਆ “ਜਾ ਸਕੇ ਅਤੇ ਕਾਨੂੰਨੀ ਕਾਰਵਾਈ ਕਰ ਸਕੀਏ। ਉਨ੍ਹਾਂ ਮੇਰੀ ਮੰਗ ‘ਤੇ ਗੌਰ ਫ਼ਰਮਾਉਂਦਿਆਂ ਜਲਦ ਹੱਲ ਦਾ ਭਰੋਸਾ ਦਿੱਤਾ।