ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਲਾਈਵ ਹੋ ਕੇ ਪੰਜਾਬ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਵਿੱਚ ਧਰਮ ਦੇ ਨਾਂ ’ਤੇ ਦੁਕਾਨਾਂ ਚਲਾਉਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਧਰਮਾਂ ਦੀ ਭਾਈਚਾਰਕ ਸਾਂਝ ਵਿੱਚ ਕੋਈ ਤਰੇੜ ਨਹੀਂ ਆਉਣ ਦੇਣਗੇ। ਲੋਕਾਂ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ ਅਤੇ ਉਹ ਇਸ ਵਿਸ਼ਵਾਸ ਉੱਤੇ ਖਰੇ ਉੱਤਰਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਉਨ੍ਹਾਂ ਦਾ ਫਰਜ਼ ਹੈ। ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਲੈਪਟਾਪ, ਕਿਤਾਬਾਂ ਅਤੇ ਮੈਡਲ ਦੇਖਣਾ ਚਾਹੁੰਦੇ ਹਾਂ। ਪੰਜਾਬ ਵਿੱਚ ਧਰਮ ਦੇ ਨਾਂ ’ਤੇ ਚੱਲ ਰਹੀਆਂ ਫੈਕਟਰੀਆਂ ਵਿੱਚ ਨੌਜਵਾਨਾਂ ਦਾ ਕੱਚਾ ਮਾਲ ਬਣਨ ਦਾ ਤਮਾਸ਼ਾ ਅਸੀਂ ਨਹੀਂ ਦੇਖਾਂਗੇ। ਇਹ ਸਮਾਂ ਪੜ੍ਹਾਈ ਦਾ ਹੈ, ਇਹ ਤਰੱਕੀ ਦਾ ਸਮਾਂ ਹੈ। ਸਾਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ। ਉਹ ਪੰਜਾਬ ਦੇ ਨੌਜਵਾਨਾਂ ਨੂੰ ਅਫਸਰਾਂ ਦੀਆਂ ਵੱਡੀਆਂ ਕੁਰਸੀਆਂ ‘ਤੇ ਬੈਠੇ ਦੇਖਣਾ ਚਾਹੁੰਦੇ ਹਨ।
ਸੀਐਮ ਮਾਨ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਵਿੱਚ ਆਪਸੀ ਭਾਈਚਾਰਾ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇ ਪੁੱਤਰ ਨੂੰ ਹਥਿਆਰ ਚੁੱਕਣ ਲਈ ਕਹਿਣਾ ਆਸਾਨ ਹੈ। ਦੂਸਰਿਆਂ ਦੇ ਪੁੱਤਾਂ ਦੀ ਜਵਾਨੀ ਵਿੱਚ ਮਰਨ ਦੀ ਗੱਲ ਕਰਨੀ ਬਹੁਤ ਸੌਖੀ ਹੈ। ਜਦੋਂ ਆਪਣੇ ਤੇ ਆਉਂਦੀ ਹੈ ਫਿਰ ਪਤਾ ਲੱਗਦਾ ਹੈ। ਇਸ ਲਈ ਜਿਨ੍ਹਾਂ ਨੇ ਧਰਮ ਦੇ ਨਾਂ ‘ਤੇ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ, ਉਨ੍ਹਾਂ ਨੂੰ ਆਪਣੇ ਭੁਲੇਖੇ ਦੂਰ ਕਰਨੇ ਚਾਹੀਦੇ ਹਨ। ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਵਿੱਚ ਕਦੇ ਵੀ ਤਰੇੜ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪੰਜਾਬੀਆਂ ਨਾਲ ਦਿਲ ਦੀ ਗੱਲ ਸਾਂਝੀ ਕਰ ਰਿਹਾ ਹਾਂ…Live https://t.co/Ir8SWqR2k5
— Bhagwant Mann (@BhagwantMann) March 24, 2023
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ, ਅਫਗਾਨਿਸਤਾਨ ਨਹੀਂ। ਪੰਜਾਬ ਦੇ 30 ਕਰੋੜ ਲੋਕਾਂ ਨੇ ‘ਆਪ’ ‘ਤੇ ਭਰੋਸਾ ਕੀਤਾ ਹੈ। ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ। ‘ਆਪ’ ਸਰਕਾਰ ਜਾਣਦੀ ਹੈ ਕਿ ਪੰਜਾਬ ‘ਚ ਸ਼ਾਂਤੀ ਕਿਵੇਂ ਲਿਆਉਣੀ ਹੈ।