ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ ਹੈੱਡਕੁਆਰਟਰ ਵਿਖੇ 560 ਨਵ-ਨਿਯੁਕਤ ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਨ੍ਹਾਂ ਦੀ ਭਰਤੀ ਪ੍ਰਕਿਰਿਆ ਪਿਛਲੇ ਸਾਲ ਅਗਸਤ ਮਹੀਨੇ ਸ਼ੁਰੂ ਕੀਤੀ ਗਈ ਸੀ। ਜ਼ਿਲ੍ਹਾ ਪੁਲਿਸ ਵਿੱਚ ਸਬ-ਇੰਸਪੈਕਟਰ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਕਾਡਰ ਦੇ ਉਮੀਦਵਾਰਾਂ ਲਈ 560 ਨਵੇਂ ਸਬ ਇੰਸਪੈਕਟਰ ਭਰਤੀ ਕੀਤੇ ਗਏ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਅਜਿਹੇ ਦਿਨ ਕਦੇ ਆਏ ਹੀ ਨਹੀਂ ਜਦੋਂ ਬਿਨਾਂ ਪੈਸੇ ਅਤੇ ਸਿਫ਼ਾਰਸ਼ ਦੇ ਨੌਕਰੀ ਮਿਲਦੀ। ਪਰ ਹੁਣ ਪ੍ਰਤਿਭਾ ਚੱਲੀ ਹੈ, ਕਲਮ ਚੱਲੀ ਹੈ। ਟੈਸਟ ਪਾਸ ਕਰਨ ਵਾਲਾ ਪੁਲਿਸ ਪਰਿਵਾਰ ਦਾ ਹਿੱਸਾ ਬਣ ਗਿਆ। ਪਹਿਲਾਂ ਉਹ ਟੈਸਟ ਪਾਸ ਕਰ ਲੈਂਦਾ ਸੀ ਪਰ ਮੰਤਰੀ ਦੀ ਸਿਫ਼ਾਰਸ਼ ਤੋਂ ਬਿਨਾਂ ਨੌਕਰੀ ਨਹੀਂ ਸੀ ਮਿਲ ਸਕਦੀ। ਹੁਣ ਚਾਚੇ-ਮਾਮੇ ਦੀ ਸਿਫ਼ਾਰਸ਼ ਬੰਦ ਹੋ ਗਈ ਹੈ। ਹੁਣ ਟੀਵੀ ਦਿਖਾਉਂਦੇ ਹਨ ਕਿ ਮੈਨੂੰ ਨੌਕਰੀ ਮਿਲ ਗਈ ਹੈ। ਮਾਨ ਨੇ ਕਿਹਾ ਕਿ ਅਸੀਂ ਚੰਗੇ ਕੈਪਟਨ ਬਣਾ ਰਹੇ ਹਾਂ। ਉਨ੍ਹਾਂ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਤੁਸੀਂ ਟੀਮ ਚੁਣੋ, ਮੈਨੂੰ ਨਤੀਜੇ ਚਾਹੀਦੇ ਹਨ।
ਪੰਜਾਬ ਪੁਲਿਸ ਵਿੱਚ ਰਾਜਸਥਾਨ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਭਰਤੀ ਕਰਨ ਦੇ ਵਿਰੋਧੀ ਧਿਰ ਦੇ ਦੋਸ਼ਾਂ ‘ਤੇ ਮਾਨ ਨੇ ਕਿਹਾ ਕਿ ਉਹ 95 ਫੀਸਦੀ ਪੰਜਾਬੀ ਹਨ। 31 ਹਰਿਆਣਾ ਦੇ ਹਨ ਅਤੇ ਚਾਰ ਰਾਜਸਥਾਨ ਦੇ ਹਨ ਪਰ ਉਹ ਪੰਜਾਬੀ ਤੋਂ 10ਵੀਂ ਪਾਸ ਹਨ ਅਤੇ ਪੰਜਾਬੀ ਪਰਿਵਾਰ ਨਾਲ ਸਬੰਧਿਤ ਹਨ। ਵਿਰੋਧੀ ਸਵੇਰੇ ਉੱਠ ਕੇ ਨੁਕਸ ਲੱਭਦੇ ਹਨ। ਮਾਨ ਨੇ ਕਿਹਾ ਕਿ ਜਦੋਂ ਪੰਜਾਬ ਦਾ ਕੋਈ ਮੁੰਡਾ ਕੈਨੇਡੀਅਨ ਪੁਲਿਸ ਵਿੱਚ ਭਰਤੀ ਹੁੰਦਾ ਹੈ ਤਾਂ ਉਹ ਜਸ਼ਨ ਮਨਾਉਂਦੇ ਹਨ।