ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਵਿੱਚ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ ਅੱਜ ਤੋਂ ਪਹਿਲਾਂ ਅਜਿਹਾ ਦਿਨ ਕਦੇ ਨਹੀਂ ਆਇਆ ਜਦੋਂ ਬਿਨਾਂ ਸਿਫਾਰਿਸ਼ ਅਤੇ ਪੈਸੇ ਤੋਂ ਬਿਨਾਂ ਕਿਸੇ ਦੀ ਨਿਯੁਕਤੀ ਕੀਤੀ ਗਈ ਹੋਵੇ। ਇਸ ਵਾਰ ਭਰਤੀ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ।
ਹਰਿਆਣਾ ਤੋਂ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਬਾਰੇ ਸੀਐਮ ਮਾਨ ਨੇ ਕਿਹਾ ਕਿ ਪੇਪਰ ਕੋਈ ਵੀ ਦੇ ਸਕਦਾ ਹੈ, ਪਰ ਨਿਯਮਾਂ ਮੁਤਾਬਿਕ ਉਨ੍ਹਾਂ ਨੂੰ ਪੰਜਾਬੀ ਵਿਸ਼ੇ ਦਾ ਪੇਪਰ ਪਾਸ ਕਰਨਾ ਪੈਂਦਾ ਹੈ। ਅਸਲ ਵਿੱਚ 95 ਫੀਸਦੀ ਪੰਜਾਬੀਆਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਪੰਜਾਬ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਦਾ ਪੱਕਾ ਪਤਾ ਹਰਿਆਣਾ ਵਿੱਚ ਹੈ, ਪਰ ਉਹ ਵੀ ਪੰਜਾਬੀ ਪਰਿਵਾਰ ਵਿੱਚੋਂ ਹਨ, ਜਿਨ੍ਹਾਂ ਨੇ ਪੰਜਾਬੀ ਵਿਸ਼ੇ ਨਾਲ 10ਵੀਂ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬੀ ਨੌਜਵਾਨ ਕੈਨੇਡੀਅਨ ਪੁਲਿਸ ਵਿੱਚ ਭਰਤੀ ਹੁੰਦਾ ਹੈ ਤਾਂ ਵਿਰੋਧੀ ਵੱਲੋਂ ਬਹੁਤ ਖੁਸ਼ੀ ਮਨਾਈ ਜਾਂਦੀ ਹੈ। ਪਰ ਜੇਕਰ ਰਾਜਸਥਾਨ ਜਾਂ ਹਰਿਆਣਾ ਦਾ ਕੋਈ ਨੌਜਵਾਨ ਪੇਪਰ ਕਲੀਅਰ ਕਰਕੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਂਦਾ ਹੈ ਤਾਂ ਇਸ ਵਿੱਚ ਗਲਤ ਕੀ ਹੈ? ਸੀ.ਐਮ ਮਾਨ ਨੇ ਕਿਹਾ ਕਿ ਮੈਂ ਸਵਾਲ ਉਠਾਉਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਪੰਜਾਬ ਅਤੇ ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦਾ ਹਾਂ, ਮੈਂ ਪੰਜਾਬ ਦੀ ਮਿੱਟੀ ਨਾਲ ਕਿੰਨਾ ਪਿਆਰ ਕਰਦਾ ਹਾਂ, ਮੈਨੂੰ ਕਿਸੇ ਐਰੇ-ਗੇਰੇ-ਨੱਥੂ ਖੇਰੇ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਦਾ ਸੁਫ਼ਨਾ ਮੈਨੂੰ ਸੌਣ ਨਹੀਂ ਦਿੰਦਾ ਪਰ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਭੰਡਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਮੁੱਖ ਮੰਤਰੀ ਨੇ ਨਾਂ ਲੈ ਕੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸ਼ਰਤ ਲਾ ਕੇ ਇਕ ਮਹੀਨੇ ਵਿੱਚ ਪੰਜਾਬੀ ਦਾ ਪੇਪਰ 50 ਨਹੀਂ ਸਗੋਂ 45 ਫ਼ੀਸਦੀ ਨੰਬਰਾਂ ਨਾਲ ਹੀ ਪਾਸ ਕਰਕੇ ਵਿਖਾ ਦੇਣ। ਮਜੀਠੀਆ ‘ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਮਗਰੋਂ ਕਾਤਲਾਂ ਨਾਲ ਮਹਿਫਲਾਂ ਲਗਾਉਂਦੇ ਰਹੇ ਹਨ। ਇਹ ਸਾਨੂੰ ਪੰਜਾਬ ਨਾਲ ਵਫਾਦਾਰੀਆਂ ਨਾ ਸਿਖਾਉਣ। ਮੁੱਖ ਮੰਤਰੀ ਨੇ ਕਿਹਾ ਕਿ ਰਾਜਾ ਵੜਿੰਗ ਕਹਿ ਰਿਹਾ ਹੈ ਕਿ ਰਾਜਸਥਾਨ ਦੇ 4 ਉਮੀਦਵਾਰਾਂ ਨੂੰ ਪੰਜਾਬ ‘ਚ ਨੌਕਰੀਆਂ ਕਿਉਂ ਦਿੱਤੀਆਂ। ਮੈਂ ਕਿਹਾ ਤੂੰ ਤਾਂ ਗੱਲ ਨਾ ਹੀ ਕਰ ਤਾਂ ਚੰਗਾ ਹੈ। ਪੰਜਾਬ ਦੀਆਂ ਬੱਸਾਂ ‘ਤੇ ਰਾਜਸਥਾਨ ਤੋਂ ਬਾਡੀਆਂ ਲੱਗੀਆਂ ਨੇ ਲੋਕ ਪੰਜਾਬ ਤੋਂ ਬੱਸਾਂ ਦੀਆਂ ਬਾਡੀਆਂ ਲਗਵਾਉਣ ਆਉਂਦੇ ਨੇ, ਇਹ ਰਾਜਸਥਾਨ ਗਏ। ਜਦੋਂ ਫਾਇਲਾਂ ਵੇਖਦਾਂ ਤਾਂ ਹੈਰਾਨ ਹੁੰਦਾ ਹਾਂ। ਸਾਡੀ ਪਾਲਿਸੀ ਕਲੀਅਰ ਹੈ ਕਿ ਜਿਸ ਕਿਸੇ ਨੇ ਵੀ ਰਿਸ਼ਵਤ ਲਈ ਹੈ ਉਹ ਬਖ਼ਸ਼ਿਆ ਨਹੀਂ ਜਾਵੇਗਾ।